
ਲੇਖ
ਆਪ ਜੀ ਨੂੰ ਤਲਵਾਰ ਨਾਲੋਂ ਤਿੱਖੀ ਕਲਮ ਦੇ ਸੱਚੇ-ਸੁੱਚੇ ਸ਼ਬਦਾਂ ਵਰਗਾ ਪ੍ਰਣਾਮ!
ਅਜ਼ੀਜ਼ ਪਾਠਕੋ!
ਮੈਂ ਪੱਤਰਕਾਰੀ ‘ਚ ਕੋਈ ਡਿਗਰੀ ਤਾਂ ਪ੍ਰਾਪਤ ਨਹੀਂ ਕੀਤੀ, ਪ੍ਰੰਤੂ ਪੱਤਰਕਾਰਾਂ ਦੀ ਸੰਗਤ ‘ਚ ਵਿਚਰਦਿਆਂ, ਪੱਤਰਕਾਰੀ ਦੇ ਰੁਤਬੇ ਨੂੰ ਹਮੇਸ਼ਾ ਸਲਾਮ ਕਰਦਾ ਹਾਂ ਤੇ ਪੱਤਰਕਾਰਾਂ ਦੀ ਘਾਲਣਾ ਨੂੰ ਨਤਮਸਤਕ ਹੁੰਦਾ ਹਾਂ।ਸਮਾਜਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਿਆਂ, ਇੱਕ ਪੱਤਰਕਾਰ ਦਾ ਫ਼ਰਜ਼ ਹੈ ਕਿ ਉਹ ਸਮਾਜ ਅੱਗੇ ਹਰ ਘਟਨਾ ਦੀ ਸੱਚੀ ਅਤੇ ਸਹੀ ਤਸਵੀਰ ਦਿਖਾ ਕੇ ਚੇਤੰਨ ਕਰੇ।
-----
ਪੱਤਰਕਾਰੀ ਦੇ ਮੁੱਢਲੇ ਅਸੂਲਾਂ ਨੂੰ ਮੱਦੇ-ਨਜ਼ਰ ਰੱਖਣਾ ਪੱਤਰਕਾਰ ਦਾ ਕੇਵਲ ਫ਼ਰਜ਼ ਹੀ ਨਹੀਂ , ਬਲਕਿ ਉਸਦਾ ਧਰਮ ਵੀ ਹੁੰਦਾ ਹੈ। ਨਿਰਾ-ਪੁਰਾ ਪੱਤਰਕਾਰੀ ਦਾ ਲਿਬਾਸ ਪਹਿਨ ਕੇ ਧਰਮੀ ਨਹੀਂ ਬਣਿਆ ਜਾ ਸਕਦਾ, ਸਿਰਫ਼ ਕਲਮ ਘਸਾਉਂਣ ਨਾਲ ਜਾਂ ਜ਼ੁਬਾਨ ਚਲਾਉਣ ਨਾਲ਼ ਹਰ ਕੋਈ ਪੱਤਰਕਾਰ ਨਹੀਂ ਬਣ ਸਕਦਾ। ਪੱਤਰਕਾਰੀ ਦਾ ਕਿੱਤਾ ਕੋਈ ਫੁੱਲਾਂ ਦੀ ਸੇਜ ਨਹੀਂ, ਸਗੋਂ ਸੂਲ਼ਾਂ ਅਤੇ ਖੰਜਰਾਂ ਤੇ ਤੁਰ ਕੇ ਆਪਣੀ ਮੰਜ਼ਿਲ ਵੱਲ ਵਧਣ ਦਾ ਨਾਮ ਪੱਤਰਕਾਰੀ ਹੈ।
-----
ਤੁਸੀਂ ਦੇਖਿਆ ਹੋਵੇਗਾ ਕਿ ਜੰਗ ਦੇ ਮੈਦਾਨ ‘ਚ ਇੱਕ ਪਾਸੇ ਬੰਬ ਫਟਦੇ ਹੁੰਦੇ ਨੇ, ਖ਼ੂਨ ਦੀਆਂ ਨਦੀਆਂ ਵਹਿ ਰਹੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਇੱਕ ਪੱਤਰਕਾਰ/ਰਿਪੋਰਟਰ ਕਿਸੇ ਨੁੱਕਰ ‘ਚ ਲੁਕ ਕੇ ਰਿਪੋਰਟ ਪੇਸ਼ ਕਰ ਰਿਹਾ ਹੁੰਦਾ ਹੈ। ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਪੱਤਰਕਾਰੀ ਕਰਨਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਕਈ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ, ਧੜਾਂ ਨਾਲ਼ੋਂ ਧੌਣਾਂ ਵੀ ਵੱਖ ਕਰਵਾ ਲਈਆਂ, ਪਰ ਆਪਣੇ ਫ਼ਰਜ਼ਾਂ ਤੋਂ ਕੋਤਾਹੀ ਨਹੀਂ ਕੀਤੀ। ਮੇਰਾ ਸਲਾਮ ਹੈ – ਉੱਚੇ-ਸੁੱਚੇ ਮੰਤਵ ਖ਼ਾਤਿਰ ਸ਼ਹੀਦ ਹੋਏ ਪੱਤਰਕਾਰਾਂ ਤੇ ਹੋਰ ਮੀਡੀਆ ਰਿਪੋਰਟਰਾਂ ਨੂੰ।
-----
ਪਰ ਜੇ ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਪੀਲ਼ੀ ਪੱਤਰਕਾਰੀ ਕਰਨ ਵਾਲ਼ੇ ਆਪਣੇ ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਅੱਜ ਕੌਡੀਆਂ ਦੇ ਭਾਅ ਆਪਣਾ ਈਮਾਨ ਵੇਚ ਰਹੇ ਹਨ। ਮੇਰੀ ਦੁਰਕਾਰ ਹੈ…! ਫ਼ਿਟਕਾਰ ਹੈ – ਅਜਿਹੇ ਵਿਕੇ ਹੋਏ ਤੇ ਇਖ਼ਲਾਕ ਤੋਂ ਡਿੱਗੇ ਹੋਏ ਪੱਤਰਕਾਰਾਂ ਨੂੰ।
-----
ਹੁਣ ਉਹ ਜ਼ਮਾਨੇ ਤਾਂ ਗਏ, ਜਦੋਂ ਲੋਕ ਆਪਣੇ ਸੰਦੇਸ਼ ਕਬੂਤਰਾਂ ਜਾਂ ਡਾਕੀਆਂ ਰਾਹੀਂ ਭੇਜਦੇ ਸਨ। ਅੱਜ ਇੰਟਰਨੈੱਟ ਦਾ ਯੁੱਗ ਹੈ। ਪੂਰੀ ਦੁਨੀਆਂ ਇੱਕ ਪਿੰਡ ਵਾਂਗ ਹੀ ਹੈ। ਤੁਹਾਡੇ ਵੱਲੋਂ ਭੇਜੀ ਖ਼ਬਰ, ਇੱਕ ਅੱਖ ਦੇ ਝਮੱਕੇ ਨਾਲ਼ ਦੂਜੇ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤੇ ਅੱਖ ਤੋਂ ਅੱਖ ਦੇ ਫੋਰ ਨਾਲ਼ ਦਿਲ ਤੱਕ ਵੀ ਪਹੁੰਚ ਸਕਦੀ ਹੈ। ਈਜਾਦ ਹੋਣ ਤੋਂ ਆਜ਼ਾਦ ਹੋਣ ਤੱਕ ਆਧੁਨਿਕ ਮੀਡੀਆ ਵੀ ਕਿਸੇ ਨਾ ਕਿਸੇ ਸਿਧਾਂਤ ਤੇ ਟਿਕਿਆ ਹੋਇਆ ਹੈ।
-----
ਤੁਹਾਡੇ ਵੱਲੋਂ ਕੀਤੀ ਰਿਪੋਰਟ ਤੁਹਾਡੀ ਸੋਚ ‘ਤੇ ਨਿਰਭਰ ਕਰਦੀ ਹੈ ਕਿ ਕੀ ਉਹ ਸਿਧਾਂਤਾਂ ਤੇ ਖ਼ਰੀ ਉੱਤਰਦੀ ਹੈ - ਇਹ ਨਿਰਣਾ ਜੇ ਤੁਸੀਂ ਖ਼ੁਦ ਨਹੀਂ ਕਰ ਸਕਦੇ ਤਾਂ ਸੁਹਿਰਦ ਪਾਠਕ ਝੱਟ ਹੀ ਕਰ ਲੈਂਦੇ ਹਨ। ਕਿਸੇ ਮੈਗਜ਼ੀਨ, ਅਖ਼ਬਾਰ, ਰੇਡਿਓ, ਟੈਲੀਵਿਯਨ, ਵੈੱਬ-ਸਾਈਟ ਜਾਂ ਬਲੌਗ ਦੇ ਆਪਣੇ ਵੀ ਕੁਝ ਅਸੂਲ ਹੁੰਦੇ ਹਨ। ਜੇਕਰ ਤੁਹਾਡੀ ਰਚਨਾ ਜਾਂ ਖ਼ਬਰ, ਕਿਸੇ ਵੱਲੋਂ ਪਾਠਕਾਂ, ਦਰਸ਼ਕਾਂ ਨਾਲ਼ ਸਾਂਝੀ ਕਰਨ ਤੋਂ ਮਨਾਹੀ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਆਪਣੇ-ਆਪ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਆਪਣੀ ਮਾਨਸਿਕਤਾ ਦਾ ਖ਼ੁਦ ਵੀ ਨਿਰੀਖਣ ਕਰਨਾ ਚਾਹੀਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਕੁਝ ਝੋਲ਼ੀ-ਚੁੱਕ ਪੱਤਰਕਾਰ, ਟਕੇ-ਟਕੇ ‘ਤੇ ਜ਼ਮੀਰ ਵੇਚਣ ਵਾਲ਼ੇ ਉਸੇ ਹੀ ਮਾਧਿਅਮ ਨੂੰ ਦੁਸ਼ਮਣ ਸਮਝਣ ਲੱਗ ਪੈਂਦੇ ਨੇ, ਜਿਸਨੇ ਕਦੇ ਉਹਨਾਂ ਦੀ ਗੁੱਡੀ ਅੰਬਰੀਂ ਚਾੜ੍ਹੀ ਹੁੰਦੀ ਹੈ।
-----
ਅੱਜ-ਕੱਲ੍ਹ ਪੜ੍ਹਦਿਆਂ-ਸੁਣਦਿਆਂ ਜਾਂ ਨਿੱਜੀ ਅਨੁਭਵ ਤੋਂ ਮਹਿਸੂਸ ਹੁੰਦਾ ਹੈ ਕਿ ਕੁਝ ਕੁ ਅਖੌਤੀ ‘ਅੰਤਰ-ਰਾਸ਼ਟਰੀ’ ਪੱਤਰਕਾਰ ਕਿਸ ਕਦਰ ਵਿਕ ਤੇ ਡਿੱਗ ਚੁੱਕੇ ਹਨ। ਕਈ ਤਾਂ ਪਿਛਲੀ ਉਮਰੇ ਆ ਕੇ ਸੱਤਰੇ-ਬਹੱਤਰੇ ਵੀ ਗਏ ਨੇ। ਲੰਬਾ ਸਮਾਂ ਜਿਹਨਾਂ ਨੇ ਪੰਜਾਬ ਦੇ ਸਿਰਕੱਢ ਅਖ਼ਬਾਰਾਂ, ਜਿਵੇਂ ਅਜੀਤ, ਜੱਗਬਾਣੀ, ਪੰਜਾਬੀ ਟ੍ਰਿਬਿਊਨ, ਦੇਸ਼-ਸੇਵਕ ਆਦਿ ਦੇ ਦਫ਼ਤਰਾਂ ਮੂਹਰੇ ਖੁਰੀਆਂ ਲਾਉਣ ਵਾਲ਼ਿਆਂ ਵਾਂਗੂੰ ਪੱਤਰਕਾਰੀ ਦਾ ਬਕਸਾ ਚੁੱਕ ਕੇ ਲੇਲ੍ਹੜੀਆਂ ਕੱਢੀਆਂ ਸਨ, ਅੱਜ ਪੁੱਠੀਆਂ ਟੋਪੀਆਂ ਲੈ ਕੇ, ਵੱਖਰਾ ਜਿਹਾ ਭੇਸ ਬਣਾ ਕੇ, ਬੜੇ ਮਹਾਨ ਪੱਤਰਕਾਰ ਦਾ ਆਈ.ਡੀ.ਕਾਰਡ ਤੇ ਵੱਡਾ ਸਾਰਾ ਬਿੱਲਾ ਲਾ ਕੇ ਮਹਾਨ ਪੱਤਰਕਾਰ ਹੋਣ ਦਾ ਭਰਮ ਪਾਲ਼ੀ ਬੈਠੇ ਹਨ।
-----
ਇਸ ਵਾਰੀ ਹੋਰਨਾਂ ਪੱਤਰਕਾਰਾਂ ਨੂੰ ਛੱਡ ਕੇ ਹਲਕੇ-ਫੁਲਕੇ ਅੰਦਾਜ਼ ਵਿੱਚ ਇੱਕ ਅਖੌਤੀ ਪੱਤਰਕਾਰ ਨੂੰ ਕੇਂਦਰਿਤ ਹੋ ਕੇ ਗੱਲ ਕਰਨੀ ਚਾਹੁੰਦਾ ਹਾਂ ਕਿ ਪੰਜਾਬੀ ਕਾਨਫਰੰਸਾਂ ਦੇ ਕਰਤਾ-ਧਰਤਾ ਹੋਣ ਦਾ ਭਰਮ ਪਾਲ਼ੀ ਬੈਠਾ, ਇਹ ਝੋਲ਼ੀ ਚੁੱਕ ਲੇਖਕ/ਪੱਤਰਕਾਰ ਚਾਰ ਕੁ ਦਿਨ ਕੈਨੇਡਾ ਆ ਕੇ ਲਗਜ਼ਰੀ ਕਾਰਾਂ ਤੇ ਹਵਾਈ ਜਹਾਜ਼ਾਂ ‘ਚ ਝੂਟੇ ਲੈ ਕੇ, ਫਾਈਵ ਸਟਾਰ ਹੋਟਲਾਂ ਦਾ ਆਨੰਦ ਮਾਣਕੇ ਆਪਣੇ ਆਪ ਨੂੰ ਪੱਤਰਕਾਰੀ ਦਾ ‘ਭੀਸ਼ਮ ਪਿਤਾਮਾ’ ਸਮਝਣ ਲੱਗ ਪਿਆ ਹੈ।
----
ਇੱਕ ਪਾਸੇ ਤਾਂ ਇਹ ਪੰਜਾਬੀ ਦੇ ਬਲੌਗਾਂ ਦੇ ਸੰਚਾਲਕਾਂ ਅਤੇ ਲੇਖਕਾਂ ਨੂੰ ਪ੍ਰਿੰਟ ਮੀਡੀਆ ਵੱਲੋਂ ਫਿਟਕਾਰੇ ਹੋਏ ਵਰਜਿਤ ਵਿਅਕਤੀ ਆਖ ਕੇ ਅਪਮਾਨ ਕਰ ਰਿਹਾ ਹੈ ਤੇ ਦੂਸਰੇ ਪਾਸੇ ਖ਼ੁਦ ਆਪਣਾ ਬਲੌਗ ਬਣਾ ਕੇ ਹੋਰਨਾਂ ਬਲੌਗਾਂ ਨਾਲ਼ ਗਾਂਢੇ-ਸਾਂਢੇ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।
-----
‘ਪੰਜਾਬੀ ਆਰਸੀ’ ਬਲੌਗ ਉਤਨਾ ਚਿਰ ਇਸ ਭਲੇ ਪੁਰਸ਼ ਦੀਆਂ ਨਜ਼ਰਾਂ ਵਿਚ ਸਾਹਿਤਕ ਮਿਆਰ ਦੇ ਸਿਖ਼ਰ ‘ਤੇ ਸੀ, ਜਿੰਨਾਂ ਚਿਰ ਤੱਕ ਇਸਦੇ ਬਲੌਗ ਦਾ ਲਿੰਕ ਆਰਸੀ ਨਾਲ਼ ਜੋੜੀ ਰੱਖਿਆ। ਪਰ ਜਦੋਂ ਇਸਦੀਆਂ ਆਪ-ਹੁਦਰੀਆਂ ਨੂੰ ਮੱਦੇ-ਨਜ਼ਰ ਰੱਖਦਿਆਂ, ਇਸਦਾ 'ਸੋ ਕਾਲਡ' ਸਾਹਿਤਕ ਲਿੰਕ ‘ਆਰਸੀ’ ਚੋਂ ਡਿਲੀਟ ਕਰ ਦਿੱਤਾ ਗਿਆ ( ਜਿਵੇਂ ਮੱਖਣੀ ’ਚੋਂ ਵਾਲ਼ ਬਾਹਰ ਕੱਢ ਕੇ ਮਾਰੀਦਾ ਹੈ ਜਾਂ ਚਾਹ ‘ਚੋਂ ਮੱਖੀ) ਤਾਂ ਉਦੋਂ ਦੀ ਇਸ ਰੰਗੜਾਊ ਨੂੰ ਧਰਤੀ ਵਿਹਲ ਨਹੀਂ ਦੇ ਰਹੀ। ਤੇ ਜਨਾਬ ਹੁਣ ਨੀਵੇਂ ਪੱਧਰ ਦੀ ਪੱਤਰਕਾਰੀ ਨਾਲ਼ ‘ਆਰਸੀ’ ਤੇ ਨਜ਼ਲਾ ਝਾੜ ਰਿਹੈ – ਟਿੱਡੀਆਂ ਨੂੰ ਕਿਤੇ ਜ਼ੁਕਾਮ ਤਾਂ ਨ੍ਹੀਂ ਹੋ ਗਿਆ ??
-----
ਆਪਣੇ ਲੇਖ ਵਿੱਚ ਇਹ ਸਾਹਿਬ ਲਿਖ ਰਿਹਾ ਹੈ ਕਿ ਆਰਸੀ 'ਤੇ ਲੇਖਕਾਂ ਨੂੰ ਹਾਜ਼ਰੀ ਲਵਾਉਣ ਲਈ ਇੱਕ ਲੱਤ ਤੇ ਖੜ੍ਹੇ ਹੋ ਕੇ ਤਾਰੀਫ਼ ਕਰਦਿਆਂ ਬਾਂਡ ਭਰਕੇ ਭੇਜਣਾ ਪੈਂਦਾ ਹੈ । ਜ਼ਰਾ ਟੋਪੀ ਝਾੜ ਕੇ ਸੋਚੇ ਕਿ ਵੱਡੇ ਤੇ ਸਥਾਪਿਤ ਲੇਖਕਾਂ ਨੂੰ ਕੀ ਜ਼ਰੂਰਤ ਪਈ ਹੈ….ਆਰਸੀ ਲਈ ਰਚਨਾਵਾਂ ਭੇਜਣ ਖਾਤਿਰ ਬਾਂਡ ਭੇਜਣ ਦੀ ?...ਕੀ ਉਹਨਾਂ ਦੀਆਂ ਰਚਨਾਵਾਂ ਕਿਤੇ ਹੋਰ ਨਹੀਂ ਛਪਦੀਆਂ ..?
ਅੱਗੇ ਲਿਖ ਰਿਹੈ ਕਿ ਆਰਸੀ ਦਾ ਮੰਤਵ ਪੰਜਾਬੀ ਕਾਨਫਰੰਸ ਨੂੰ ਨੇਸਤੋ-ਨਾਬੂਦ ਕਰਨਾ ਸੀ ।ਪਰ ਇਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਪਹਿਲਾਂ ਹੀ ਹੋ ਚੁੱਕੀ ਸੀ। ਨਾਲੇ ਕਾਨਫਰੰਸ ਦਾ ਤੂੰ 'ਮਾਮਾ' ਲੱਗਦਾ ਸੀ ? ਜਿਸ ਕਾਰਣ ਤੈਨੂੰ ਐਨਾ ਦੁੱਖ ਲੱਗਾ । ਏਹਦੇ ਵਰਗਾ ਪਿੰਡਾਂ 'ਚ ਵਿਆਹ ਵਾਲੇ ਘਰੇ ਧੱਕੇ ਨਾਲ ਹੀ ਹਲਵਾਈਆਂ ਦੇ ਵੱਡੇ-ਵੱਡੇ ਪਤੀਲਿਆਂ 'ਚ ਸਿਰ ਫਸਾ ਕੇ ਕੂਚਾ ਮਾਰਨ ਡਿਹਾ ਹੁੰਦੈ।
-----
ਅੱਗੇ ਆਪਣੇ ਆਰਟੀਕਲ ਵਿੱਚ ਪਾਠਕਾਂ ਤੋਂ ਮੁਹਾਵਰੇ ਯਾਦ ਕਰਵਾਉਣ ਬਾਰੇ ਕਹਿ ਰਿਹੈ। ਕੁਝ ਉਪਰਲੀ ਉਦਾਹਰਣ ਨਾਲ ਮਿਲਦੇ ਜੁਲਦੇ ਮੈਂ ਯਾਦ ਕਰਵਾ ਦਿੰਦਾ ਹਾਂ ਕਿ 'ਕੁੱਤਾ ਰਾਜ ਬਹਾਲੀਏ ..ਫਿਰ ਚੱਕੀ ਚੱਟੇ !'...'ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ !'..... ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ... ‘ਹੱਥ ਨਾ ਉੱਪੜੇ ਥੂਹ ਕੌੜੀ..... ‘ਖਸਿਆਨੀ ਬਿੱਲੀ ਖੰਭਾ ਨੋਚੇ’...! ਅਗਲਾ ਮੁਹਾਵਰਾ ਮਾੜੀ ਔਲਾਦ ਲਈ ਹੈ ਕਿ...
" ਯਾਰ ਪਤੰਦਰ , ਮਾਹੀ ਲੰਡਰ, ਬਾਪੂ ਕੰਜਰ ! 'ਮੁੰਡਾ ਅੰਦਰ, ਪਿਓ ਟਰਾਂਟੋ, ਮਾਂ ਜਲੰਧਰ..!!" ਜਿੱਥੇ ਜਨਾਬ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ, ਉੱਥੇ ਆਪਣੀ ਸ਼ਕਲ ਦਾ ਵੀ ਅਸਲੀ ਰੂਪ ਦਿਖਾ ਦਿੱਤਾ ਹੈ।
------
ਇੱਕ ਵਾਰੀ ਸਾਡੇ ਪਿੰਡ ਦੇ ਇਕ ਬੰਦੇ ਨੂੰ ਪੱਤਰਕਾਰ ਬਣਨ ਦਾ ਭੂਤ ਸਵਾਰ ਹੋ ਗਿਆ, ਸ਼ਕਲੋਂ ਤਾਂ ਉਹ ਬੂਟਾ ਮੰਡੀ ਦੇ ਮੋਚੀਆਂ ਦਾ ਸਰਦਾਰ ਲੱਗਦਾ ਹੁੰਦਾ ਸੀ।ਕਿਸਮਤ ਦਾ ਖੇਲ, ਪੱਤਰਕਾਰ ਨਾ ਬਣ ਸਕਿਆ ਤਾਂ ਕਿਤੇ ਖੋਖਾ ਰੱਖ ਕੇ ਜੁੱਤੀਆਂ ਗੰਢਣ ਲੱਗ ਪਿਆ।…ਐਵੇਂ ਹੀ ਰਾਹ ਜਾਂਦੀ ਜਨਾਨੀ ਨੂੰ ਪਿੱਛੋਂ ਆਵਾਜ਼ ਮਾਰ ਕੇ ਤਰਲੇ ਜਿਹੇ ਪਾਈ ਜਾਇਆ ਕਰੇ .. “ ਭੈਣ ਜੀ ! ਸਵੇਰ ਦਾ ਕੋਈ ਗਾਹਕ ਨਹੀਂ ਆਇਆ…. ਰੱਬ ਦਾ ਵਾਸਤਾ! ਜੁੱਤੀ ਨੂੰ ਇੱਕ ਖੁਰੀ ਲਵਾ ਕੇ ਗ਼ਰੀਬ ਨੂੰ ਮਾਣ ਈ ਬਖ਼ਸ਼ ਦੇ..।”
........
ਤੇ ਇੱਕ ਦਿਨ ਕਿਸੇ ਮਾਡਰਨ ਜਿਹੀ ਕੁੜੀ ਨੇ ਜੁੱਤੀ ਲਾਹ ਕੇ ਦਿਖਾਉਂਦਿਆਂ ਉਸਨੂੰ ਤਾੜਿਆ.. .. “ ਟੁੱਟ ਪੈਣਿਆ! ਬਾਜ਼ ਆ ਜਾਹ! ਤੈਨੂੰ ਦੀਂਹਦਾ ਨਈਂ ਕਿ ਹਾਈ ਹੀਲ ਵਾਲ਼ੀ ਪਰਾਡਾ ( Prada ) ਦੀ ਜੁੱਤੀ ਨੂੰ ਖੁਰੀਆਂ ਨਹੀਂ ਲੱਗਦੀਆਂ ਹੁੰਦੀਆਂ...।” ਤੇ ਲੇਲੜੀਆਂ ਜਿਹੀਆਂ ਕੱਢਦਾ ਫੇਰ ਆਖੀ ਜਾਵੇ... “ ਲਓ! ਤੁਸੀਂ ਤੇ ਗੁੱਸਾ ਕਰ 'ਗੇ, ਮੈਂ ਤਾਂ ਅਰਜ਼ ਹੀ ਕੀਤਾ ਸੀ । ਚੱਲ ਜਾਂਦੀ-ਜਾਂਦੀ ਹੁਣ ਇੱਕ ਮੇਖ ਤਾਂ ਲਵਾ ਲੈ....ਗ਼ਰੀਬ ਦੀ ਬੋਹਣੀ ਦਾ ਟੈਮ ਆ...।”
-----
ਇਹਦੇ ਵਰਗੇ ਗੂੜ੍ਹੇ ਸਿਆਲ਼ ‘ਚ ਨਿੱਘੀ-ਨਿੱਘੀ ਧੁੱਪੇ ਚੌਂਕ ‘ਚ ਬੈਠੇ ਨਾਲ਼ੇ ਬੀੜੀ ਪੀ ਰਹੇ ਹੁੰਦੇ ਨੇ, ਨਾਲ਼ੇ ਕਿਸੇ ਸੱਜਰ ਸੂਈ ਪਹਿਲਣ ਝੋਟੀ ‘ਤੇ ਕਸਾਈਆਂ ਵਾਲ਼ੀ ਨਜ਼ਰ ਮਾਰ ਕੇ, ਕਿਆਫ਼ੇ ਲਾਈ ਜਾਂਦੇ ਹੁੰਦੇ ਨੇ…. “ ਪਤਲੇ ਪਿੰਡੇ ਦੀ ਆ। ਧਰਮ ਨਾਲ਼ ਇਹਦੇ ਚੰਮ ਦੀ ਕਾਲ਼ੀ ਜੈਕਟ ਬਣਾ ਕੇ ਜੀਅ ਕਰਦੈ ਕਿ ਕਿਤੇ ਅਰੂਸਾ ਆਲਮ ਨੂੰ ਹੀ ਭੇਂਟ ਕਰ ਦੇਵਾਂ….।” ਭਲਾ ਇਹਨੂੰ ਕੋਈ ਪੁੱਛਣ ਵਾਲ਼ਾ ਹੋਵੇ ਬਈ ਭਲਿਆ ਮਾਣਸਾ! ਅਰੂਸਾ ਨੇ ਮੱਝ ਦੇ ਚਮੜੇ ਦੀਆਂ ਹੀ ਜੈਕਟਾਂ ਪਾਉਣੀਆਂ ਨੇ ?? ਕੈਪਟਨ ਹੋਣੀ ਤਾਂ ਉਹਦੀ ਖ਼ਾਤਿਰ ਆਵਦੀ ਖੱਲ ਲੁਹਾਉਣ ਨੂੰ ਤਿਆਰ ਹੋਏ ਬੈਠੇ ਨੇ । ਤੇਰੇ ਵਾਂਗੂੰ ਆਪਣੀ ਖੱਲ ਨਹੀਂ ਬਚਾਉਂਦੇ ਫਿਰਦੇ। ਇਹ ਤਾਂ ਸਬਜ਼ਬਾਗ਼ ਦੇਖਦਾ, ਦਿਲ ‘ਚ ਹੀ ਲੱਡੂ ਭੋਰਦਾ ਰਹਿੰਦੈ ਕਿ ‘ਕਿਸ ਕੋ ਕਿਸ ਕਰੂੰ…ਕਿਸ ਕਿਸ ਕੋ ਮਿਸ ਕਰੂੰ ??'
-----
ਲੈ ਕਰ ਲਓ ਗੱਲ ! ਠਰਕੀ ਪੱਤਰਕਾਰਾਂ ਦਾ ਮੈਨੇਜਰ... ਕੈਨੇਡਾ ਆ ਕੇ ਇਹ ਪੱਤਰਕਾਰ ਇੱਕ ਕਾਨਫਰੰਸ ਦੀ ਸੰਚਾਲਕਾ ਤੇ ਹੀ ਲੋਟੂ ਗਿਆ ਸੀ। ਉਸ ਪ੍ਰਤੀ ਦਿਲ ਦੀਆਂ ਗਹਿਰਾਈਆਂ ‘ਚੋਂ ਇੱਕ ਲੇਖ ਵੀ ਲਿਖ ਧਰ ਮਾਰਿਆ। ਯਾਰੋ! ਕਮਲਿਓ! ਇਸ਼ਕ ਕਿਤੇ ਹਾਣ-ਪ੍ਰਵਾਣ ਦੇਖਦੈ ??
------
ਉਂਝ ਹਰ ਕਿੱਤੇ ‘ਚ ਹੀ ਠਰਕੀ ਲੋਕ ਬੈਠੇ ਨੇ, ਦੁਪਹਿਰੇ ਰੇਡੀਓ ਲਗਾ ਲਓ, ਰੇਡੀਓ ਹੋਸਟ ਭਾਜੀਆਂ ਤਰਕਾਰੀਆਂ, ਕਰਾਰੀਆਂ, ਖੱਟੀਆਂ-ਮਿੱਠੀਆਂ ਚਟਨੀਆਂ ਬਣਾ ਕੇ ਹੀ ਠਰਕ ਭੋਰੀ ਜਾਂਦੀ ਹੁੰਦੀ ਹੈ…ਤੇ ਅਗਲੇ ਦਿਨ ਪ੍ਰੋਗਰਾਮ ‘ਚ ਸਰੋਤੇ ਆ ਕੇ ਏਅਰ ਤੇ ਆਖਦੇ ਹੁੰਦੇ ਆ ਕਿ ਕਮਾਲ ਦੀ ਰੈਸਪੀ ਦਿੱਤੀ ਸੀ ਜੀ ਤੁਸਾਂ…ਚਟਨੀ ਬੜੀ ਕਰਾਰੀ ਬਣੀ…ਮੂੰਹੋਂ ਨਹੀਂ ਸੀ ਲਹਿੰਦੀ …ਅਸੀਂ ਤਾਂ ਕੂੰਡੀ-ਘੋਟਣਾ ਵੀ ਜੀਭ ਨਾਲ਼ ਚੱਟ ਕੇ ਸਾਫ਼ ਕਰ ‘ਤਾ। ਅੱਗੋਂ ਹੋਸਟ ਦੰਦ ਕੱਢਦੀ ਆਖੇਗੀ.. ‘ ਸ਼ੁਕਰੀਆ ਜੀ! ਤੁਹਾਡਾ , ਸਾਡੀ ਰੈਸਪੀ ਪਸੰਦ ਕਰਨ ਲਈ । ਜਿਹੜੇ ਮਿਸਟਰ ਨੇ ਚਟਨੀ ਦੀ ਰੈਸਪੀ ਦਿੱਤੀ ਸੀ ਉਹਨਾਂ ਨੂੰ ਅਰਜ਼ ਕਰਦੀ ਹਾਂ ਕਿ ਅੱਜ ਵੀ ਕਾਲ ਕਰਨ ਤੇ ਕਿਸੇ ਨਵੀਂ ਚਟਨੀ ਦੀ ਰੈਸਪੀ ਸਾਂਝੀ ਕਰਨ।’
ਵੰਨ-ਸੁਵੰਨੀਆਂ ਚਟਣੀਆਂ ਚੱਖਣਾ ਵੀ ਇਕ ਠਰਕ ਭੋਰਨਾ ਹੀ ਹੈ ਜਾਂ ਕੁਝ ਹੋਰ ??? ਭਾਂਤ-ਭਾਂਤ ਦੀਆਂ ਕਾਲਾਂ ਕਰਨ ਵਾਲ਼ੇ 'ਤੇ ਸਰੋਤੇ ਵੀ ਲਾਲ਼੍ਹਾਂ ਸੁੱਟ ਕੇ ਠਰਕ ਹੀ ਭੋਰਦੇ ਹੋਣਗੇ..., ਚਾਹੇ ਹੋਸਟ ਕੁੜੀ ਪੱਚੀਆਂ ਵਰ੍ਹਿਆਂ ਦੀ ਹੋਵੇ ਤੇ ਸਰੋਤੇ ਸੱਤਰ ਸਾਲਾਂ ਦੇ । ਠਰਕ ਤਾਂ ਉਹ ਵੀ ਭੋਰਦੇ ਹੁੰਦੇ ਆ।
-----
ਜ਼ਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫ਼ੇ ਪਾਉਂਦੀ ਹਰ ਥਾਂ ਟੰਗ ਅੜਾਉਂਦੀ ਫਿਰਦੀ ਹੈ। ਇਹ ਠਰਕੀ ਪੱਤਰਕਾਰ ਪੰਜਾਬੀ ਆਰਸੀ ਬਲੌਗ ਨੂੰ ਭਾਪਾ ਪ੍ਰੀਤਮ ਸਿੰਘ ਜੀ ਦੇ ਰਸਾਲੇ ਦੀ ਨਕਲ ਤੇ ਰੱਖਿਆਂ ਨਾਂ ਦੱਸ ਰਿਹੈ, ਇਸ ਨੂੰ ਕੋਈ ਪੁੱਛੇ ਕਿ ਜਿਸ ਅਖ਼ਬਾਰ ‘ਚ ਇਹ ਜ਼ਮੀਰ ਵੇਚ ਕੇ ਲਿਖਦੈ – ਕੀ ੳਸ ਅਖ਼ਬਾਰ ਦਾ ਨਾਮ ਵੀ ਪੰਜਾਬ ਦੇ ਸਿਰਕੱਢ ਅਖ਼ਬਾਰ ਦੀ ਤਰਜ਼ ਤੇ ਨਹੀਂ ਰੱਖਿਆ ਹੋਇਆ ???
ਇਹ ਗੱਲ ਤਾਂ ਇਹਨੂੰ ਸ਼ਾਇਦ ਨਾ ਸੁੱਝੀ ਹੋਵੇ। ਸੁੱਝੀ ਵੀ ਹੋਵੇ ਤਾਂ, ਅਸੀਂ ਕਿਹੜਾ ਮੰਨਣ ਵਾਲ਼ਿਆਂ ‘ਚੋਂ ਹਾਂ… ਅਸੀਂ ਤਾ ਬੱਸ ਜਿੱਥੇ ਅੜ ਸਕੇ, ਖਾਹਮਖਾਹ ਟੰਗ ਅੜਾਉਣੀ ਹੀ ਹੁੰਦੀ ਹੈ ॥
-----
ਇੱਕ ਹੋਰ ਗੱਲ ਕਿ ਜਿਹੜੀ ਸਾਈਟ ਤੇ ਇਹਦੀ ਰਚਨਾ ਹੈ ਜਾਂ ਇੰਟਰਵਿਊ ਹੈ….ਉਹ ਦੇਖਣ ਦੀ ਸਲਾਹ ਦੇ ਰਿਹਾ ਹੈ ! ਤੁਸੀਂ ਆਪ ਨਿਰਣਾ ਕਰੋ ਕਿ ਇਹ ਬਲੌਗਾਂ ਅੰਦਰ ਫੁੱਟ ਪਾਉਣਾ ਨ੍ਹੀਂ ਤਾਂ ਹੋਰ ਕੀ ਹੈ ? ਇਹ ਜਿਹੜੀ ਸਿਆਸਤ ਅਖ਼ਬਾਰਾਂ ‘ਚ ਚਲਾਉਂਦਾ ਰਿਹੈ, ਓਹੀ ਘਟੀਆ ਕੰਮ ਬਲੌਗਾਂ ਤੇ ਵੀ ਕਰਨਾ ਚਾਹੁੰਦੈ???
-----
ਪਤੰਦਰ ਨੇ ਆਪਣੇ ਲੇਖ ਵਿੱਚ ਜੇਕਰ ਅਖੀਰ 'ਆਰਸੀ' ਖ਼ਿਲਾਫ਼ ਜਹਿਰ ਉਗਲਣੀ ਸੀ ਤਾਂ ਐਨੀ ਵੱਡੀ ਭੂਮਿਕਾ ਬੰਨ੍ਹ ਕੇ ਕਿਉਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਕਰਨਾ ਸੀ ? ਇਹ ਮਰਦਾਨਗੀ ਦੇ ਲੱਛਣ ਨਹੀਂ ਲੱਗਦੇ ! ਰੱਬ ਜਾਣੇ...ਐਹੋ ਜਿਹੇ ਕਿੰਨੇ ਹੀਜੜਿਆਂ ਦੇ 'ਅੰਡਰਵੀਅਰ ਗਾਰਮੈਂਟਸ ਦੇ ਵਪਾਰੀ' ਅੱਜਕਲ ਅੰਡਰਟੇਕਰ, ਗ੍ਰੇਟ ਖਲੀ ਅਤੇ ਜੌਹਨ ਸੀਨਾ ਦੇ ਜਾਂਘੀਏ ਬਣਾਉਣ ਦਾ ਭਰਮ ਪਾਲੀ ਬੈਠੇ ਨੇ !
------
ਜੋ ਆਰਸੀ ਬਲ਼ੌਗ ਖ਼ਿਲਾਫ਼ ਊਲ-ਜਲੂਲ , ਇਸਨੇ ਉਸ ਅਖ਼ਬਾਰ ਦੇ ਕਾਲਮ ਵਿਚ ਲਿਖਿਆ ਹੈ, ਇਸਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸੇ ਅਖ਼ਬਾਰ ਦੇ ਮਾਣਯੋਗ ਸਟਾਫ਼ ਵੱਲੋਂ ਪੰਜਾਬੀ ਆਰਸੀ ਦੀ ਸੰਚਾਲਕਾ ਨੂੰ ਕਾਨਫਰੰਸ ਵੇਲੇ ਸਹਿਯੋਗ ਦੇਣ ਲਈ ਡਾਕ ਰਾਹੀਂ ਇੱਕ ਸਰਟੀਫਿਕੇਟ ਭੇਜ ਕੇ ਮਾਣ/ਸਤਿਕਾਰ ਬਖ਼ਸ਼ਿਆ ਗਿਆ ਹੈ। ਸੋ ਦਕੀਆ-ਨੂਸੀ ਪੀਲ਼ੀ ਪੱਤਰਕਾਰੀ ਦੇ ਨਾਂ ਥੱਲੇ ਠਰਕ ਭੋਰਨ ਵਾਲ਼ੇ ਸੱਜਣਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ ਨਾ ਕਿ ਮਨ ਦੀ ਭੜਾਸ ਕੱਢਣ ਲਈ ਜੋ ਦਿਲ ਵਿਚ ਆਇਆ ਲਿਖ ਕੇ ਫੋਕੀ ਸ਼ੋਹਰਤ ਖੱਟਣ ਲਈ ਦਿਲ ਲੁਭਾਉਣੇ ਪਰ ਸਮਾਜ ਨੂੰ ਅਸੇਧਤ, ਦਿਸ਼ਾਹੀਣ ਕਰਨ ਵਾਲ਼ੇ ਯੱਕੜ ਮਾਰਨੇ ਚਾਹੀਦੇ ਹਨ।
-----
ਵਿਦੇਸ਼ਾਂ ਵਿਚ ਆ ਕੇ ਚਾਰ ਕੁ ਜਾਣਿਆਂ ਨੂੰ ਨਾਲ਼ ਰਲ਼ਾ ਕੇ ਆਪਣਾ ਸਨਮਾਨ ਆਪ ਹੀ ਕਰਵਾ ਕੇ, ਫਿਰ ਆਪ ਹੀ ਉਸ ਬਾਰੇ ਲੇਖ ਲਿਖ ਕੇ ਤੁਸੀਂ ਗੁਲਜ਼ਾਰ ਸਿੰਘ ਸੰਧੂ, ਹਰਭਜਨ ਹਲਵਾਰਵੀ, ਡਾ: ਸਾਧੂ ਸਿੰਘ ਹਮਦਰਦ, ਜਤਿੰਦਰ ਪਨੂੰ, ਡਾ: ਹਰਜਿੰਦਰ ਵਾਲੀਆ, ਗੁਰਬਚਨ ਭੁੱਲਰ, ਸਿੱਧੂ ਦਮਦਮੀ, ਬਲਬੀਰ ਪਰਵਾਨਾ, ਖ਼ੁਸ਼ਵੰਤ ਸਿੰਘ, ਨਿਰੂਪਮਾ ਦੱਤ ਅਤੇ ਸ਼ਾਮ ਸਿੰਘ (ਅੰਗ-ਸੰਗ) ਵਰਗੇ ਮਾਣਯੋਗ ਲੇਖਕ/ਪੱਤਰਕਾਰਾਂ ਦਾ ਸਥਾਨ ਤਾਂ ਨਹੀਂ ਲੈ ਸਕਦੇ ???? ਜੇਕਰ ਇਹ ਇਤਨੇ ਹੀ ਸੱਚ ਦੇ ਧਾਰਨੀ ਹਨ ਤਾਂ ਚਲੰਤ ਮਾਮਲਿਆਂ ਵੇਲ਼ੇ ਵੀ ਕੁਝ ਅਰਜ਼ ਕਰਨਾ ਚਾਹੀਦਾ ਹੁੰਦਾ ਹੈ ਜਦੋਂ ਉਸ ਵੇਲ਼ੇ ਇਹਦੀ ਜ਼ਮੀਰ ਘੋੜੇ ਵੇਚ ਕੇ ਸੁੱਤੀ ਹੁੰਦੀ ਹੈ ?? ਕਾਲਮਨਵੀਸ ਦਾ ਫ਼ਰਜ਼ ਨਿਭਾਉਦਿਆਂ ਆਪਣੇ ਕਿਸੇ ਕਾਲਮ ‘ਚ ਮਾੜਾ-ਮੋਟਾ ਅਰਜ਼ ਹੀ ਕਰ ਦੇਣਾ ਦਾਹੀਦੈ…ਪਰ ਨਹੀਂ। ਪਰ ਜਨਾਬ ਕਰੇ ਕਿਵੇਂ ?? ਤੋਰੀ ਫੁਲਕੇ ਅਤੇ ਵਿਦੇਸ਼ੀ ਟਰਿੱਪਾਂ ਦਾ ਵੀ ਸਵਾਲ ਹੈ !
ਹੁਣ ਪਾਠਕਾਂ ਨੂੰ ਹੀ ਆਪਣਾ ਫ਼ਰਜ਼ ਪਹਿਚਾਣ ਕੇ ਝੋਲੀ ਚੁੱਕ ਅਖੌਤੀ ਪੱਤਰਕਾਰਾਂ ਦਾ ਅਸਲੀ ਚਿਹਰਾ ਨੰਗਾ ਕਰ ਕੇ ਇਨ੍ਹਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਕਿ ਗੁਰਬਤ ਮਾਰੀ ਪੱਤਰਕਾਰੀ ਨੂੰ ਸ਼ਾਹੀ ਘਰਾਣਿਆਂ ਦੇ ਪਿੱਠੂ ਪੱਤਰਕਾਰਾਂ ਦੇ ਪਰਛਾਵਿਆਂ ਤੋਂ ਬਚਾ ਕੇ ਅਮੀਰ ਵਿਰਸੇ ਦਾ ਹਾਣੀ ਬਣਾ ਸਕੀਏ।
ਆਮੀਨ !
ਕੰਧ 'ਤੇ ਲਿਖੇ ਸੱਚ ਵਰਗਾ,
ਆਪਦਾ;
ਗੁਰਮੇਲ ਬਦੇਸ਼ਾ !
********
ਦੋਸਤੋ! ਗੁਰਮੇਲ ਬਦੇਸ਼ਾ ਜੀ ਦਾ ਪ੍ਰਤੀਕਰਮ ਤਾਂ ਤੁਸੀਂ ਪੜ੍ਹ ਲਿਆ ਹੈ, ਹੁਣ ਜ਼ਰਾ ਉਹ ਲੇਖ ਵੀ ਜ਼ਰੂਰ ਪੜ੍ਹੋ, ਜਿਸ ਕਰਕੇ ਇਹ ਲੇਖ ਲਿਖ ਕੇ ਸਭ ਨਾਲ਼ ਸਾਂਝਾ ਕਰਨ ਲਈ ਭੇਜਿਆ ਗਿਆ। ਤੁਹਾਡੇ ਵਿਚਾਰਾਂ ਦੀ ਉਡੀਕ ‘ਚ...
ਸਮੂਹ ਆਰਸੀ ਪਰਿਵਾਰ