
ਨਿਰਮਲ ਸਿੰਘ ਕੰਧਾਲਵੀ
ਯੂ.ਕੇ.
-----
ਮੈਂ ਅਤੇ ਮੇਰੇ ਹੋਰ ਵੀ ਬਹੁਤ ਸਾਰੇ ਹਮਖ਼ਿਆਲ ਇਹ ਗੱਲ ਸੋਚਣ ਉੱਪਰ ਮਜਬੂਰ ਹੋ ਗਏ ਨੇ ਕਿ ਜੇਕਰ ਝੂਠੀਆਂ ਤਾਰੀਫ਼ਾਂ ਦੇ ਬਾਂਡ ਭਰਕੇ ਭੇਜਣ ਨਾਲ ਰਚਨਾਵਾਂ ਛਪਵਾਈਆਂ ਜਾ ਸਕਦੀਆਂ ਨੇ ਫਿਰ ਤਾਂ ਸਾਨੂੰ ਸਾਰਿਆਂ ਨੂੰ ਰਲ਼ ਕੇ ਕਾਮਰੇਡਾਂ ਵਾਂਗ ਇੱਕ ਮੰਚ ਉੱਪਰ ਇਕੱਠੇ ਹੋਕੇ ਬਖ਼ਸ਼ਿੰਦਰ ਭਾਈ ਸਾਹਿਬ ਦੀਆਂ ਸਾਰੀਆਂ ਬਲਾਗਿੰਗ 'ਬਖ਼ਸ਼ਿੰਦਰੀਆਂ' ਨੂੰ ਕਾਮਯਾਬ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਨਾਲ਼ ਚਮਚਾਗਿਰੀ ਦੇ ਸਾਹਿਤ ਨੂੰ ਤਾਂ ਬੜ੍ਹਾਵਾ ਮਿਲੇਗਾ ਹੀ ਸਾਹਿਤ ਦੀ ਇੱਕ ਨਵੀਂ ਸਿਨਫ਼ ਵੀ ਈਜਾਦ ਹੋ ਜਾਵੇਗੀ।
-----
ਹੁਣ ਮੈਨੂੰ ਅਤੇ ਮੇਰੇ ਹਮਖ਼ਿਆਲਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਭੇਜੇ ਵੀਜ਼ੇ ਅਤੇ ਟਿਕਟ ਨਾਲ਼ ਲੱਗੀ ਯਾਰੀ ਦਾ ਕਰਜ਼ਾ ਹੀ ਮੋੜਨਾ ਸੀ ਤਾਂ ਗੱਲ ਦੋ-ਚਾਰ ਸਤਰਾਂ ਵਿੱਚ ਵੀ ਕੀਤੀ ਜਾ ਸਕਦੀ ਸੀ, ਉਸ ਤੋਂ ਉਪਰ ਵਾਲਾ ਸਾਰਾ ਕੱਚਾ ਚਿੱਠਾ ਬਿਆਨਣ ਦੀ ਕੀ ਜ਼ਰੂਰਤ ਸੀ, ਆਪੇ ਤਾਂ ਵੱਡੇ ਬਖ਼ਸ਼ਿੰਦਰ ਭਾਈ ਸਾਹਿਬ ਆਖਦੇ ਸਨ ਕਿ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਚਾਹੀਦੀ ਹੈ ਤਾਂ ਫੇਰ ਏਨਾ ਸਿੜੀ ਸਿਆਪਾ ਕਿਉਂ ?
-----
ਉਂਝ ਤਾਂ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਭਾਈ ਸਾਹਿਬ ਨੂੰ ਇਸ ਬਹਾਨੇ ਇਹ ਦੱਸਣ ਦਾ ਮੌਕਾ ਜ਼ਰੂਰ ਮਿਲ ਗਿਆ ਕਿ ਹਾਂ! ਹਾਂ!! ਮੈਨੂੰ ਟਿਕਟ ਅਤੇ ਰਾਹਦਾਰੀ ਕਾਨਫਰੰਸ ਵਾਲ਼ਿਆਂ ਨੇ ਦਿੱਤੀ ਹੈ ਕਰ ਲਓ ਜੀਹਨੇ.....
----
ਬੀਬੀ ਤਨਦੀਪ ਤਾਂ ਜੋ ਕਰਦੀ ਹੈ ਸੋ ਕਰਦੀ ਹੈ ਜੱਗ ਜ਼ਾਹਿਰ ਹੈ ਪਰ ਤੁਸੀਂ ਇਹ ਕੀ ਕਰਨ ਲੱਗੇ ਹੋ?? ਕੀ ਇਸ ਬਹਾਨੇ ਕੋਈ ਅਗਲੀ ਕਾਨਫਰੰਸ ਪੱਕੀ ਕਰਨ ਲੱਗੇ ਹੋਂ ਜਾਂ ਆਪਣੇ ਪੱਤਰਕਾਰੀ ਦੇ ਸੌ ਗੁਣ ਸਿਖਾਉਣ ਵਾਲੇ ਕਾਲਜ ਬਾਰੇ ਸ਼ੋਰ ਮਚਾਉਣ ਲੱਗੇ ਹੋਂ??? ਭਾਈ ਸਾਹਿਬ ਮੈਂ ਤਾਂ ਬੱਸ ਏਨੀ ਗੱਲ ਕਹਿਕੇ ਹੀ ਵਿਦਾ ਲੈਣੀ ਚਾਹਾਂਗਾ ਕਿ ਤੁਸੀਂ ਬਹੁਤ ਚੰਗੀ ਤਰਾਂ ਜਾਣਦੇ ਹੋ ਕਿ ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ!
ਤੁਹਾਡੇ ਵਲੋਂ ਬਖਸ਼ਿੰਦਰ ਦੀ ਭੇਜੀ ‘ਪੀਲੀ’ ਪੱਤਰਕਾਰੀ ਪੜ੍ਹਨ ਨੂੰ ਮਿਲੀ, ਜਿਸ ਤੋਂ ਆਪਣੇ ਅਖੌਤੀ ਪੱਤਰਕਾਰਾਂ ਦੇ ਮਿਆਰ ਦਾ ਪਤਾ ਲੱਗਦਾ ਹੈ। ਇਸ ਨਾਲ ਉਸਨੇ ਆਪਣਾ ਆਪ ਨੰਗਾ ਹੀ ਕੀਤਾ ਹੈ। ਸਕੂਲੀ ਬੱਚਿਆਂ ਵਾਂਗ ਗੂਗਲ ਸਰਚ ਇੰਜਨ ਤੋਂ ਬਲੌਗ ਤੇ ਪੱਤਰਕਾਰੀ ਬਾਰੇ ਜਾਣਕਾਰੀ ਇਕੱਠੀ ਕਰਕੇ ਮਸਾਂ ਲੇਖ ਪੂਰਾ ਕਰਨ ਜੋਗਾ ਹੋਇਆ ਇਹ ਸ਼ਖ਼ਸ, ਇਸ ਤੋਂ ਵੱਧ ਲਿਖ ਵੀ ਕੀ ਸਕਦਾ ਸੀ? ਬਿਨਾਂ ਸਿਰ ਪੈਰ ਤੋਂ ਇਸ ਤਰ੍ਹਾਂ ਦੇ ਦੂਸ਼ਣ ਤਾਂ ਕੋਈ ਵੀ ਕਿਸੇ ’ਤੇ ਲਾ ਸਕਦਾ ਹੈ। ਨਾ ਕਿਸੇ ਦਾ ਮੂੰਹ ਫੜਿਆ ਜਾ ਸਕਦਾ ਹੈ ਨਾ ਕਲਮ। ਨਾਲੇ ਹੱਕ ਸੱਚ ਦੀ ਗੱਲ ਕਰਨ ਲਈ ਏਨੀ ਕੁ ਕੁਰਬਾਨੀ ਤਾਂ ਦੇਣੀ ਹੀ ਪੈਂਦੀ ਹੈ, ਸਗੋਂ ਇਸ ਤੋਂ ਵੀ ਜ਼ਿਆਦਾ। ਹੁਣੇ ਜਿਹੇ ਹੋਏ ਸੂਰਜਵੰਸ਼ੀ ਦਵਾਖਾਨੇ ਵਾਲੇ ਸਕੈਂਡਲ ਵੇਲ਼ੇ ਪੱਤਰਕਾਰੀ ਦਾ ਢੰਡੋਰਾ ਪਿੱਟਣ ਵਾਲਾ ਇਹ ਸ਼ਖ਼ਸ ਭਲਾ ਕਿਉਂ ਨਹੀਂ ਬੋਲਿਆ?? ਸਾਉਣ ਦੇ ਅੰਨ੍ਹੇ ਨੂੰ ਹਰਾ ਹਰਾ ਹੀ ਦਿਸਦਾ ਹੁੰਦਾ ਹੈ।
-----
ਪੰਜਾਬੀ ਦੀ ਇਕ ਕਹਾਵਤ ਹੈ-‘ਹਾਥੀ ਤੁਰਦੇ ਰਹਿੰਦੇ ਹਨ ਕੁੱਤੇ ਭੌਂਕਦੇ ਰਹਿੰਦੇ ਹਨ।’ ਤੁਹਾਨੂੰ ਇਹੋ ਜਿਹੇ ਹੌਲੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਕਾਮਯਾਬ ਵਿਅਕਤੀਆਂ ਦੇ ਦੁਸ਼ਮਣ ਤੇ ਈਰਖਾਲੂਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਸੋ ਆਪਣੀ ਕਾਮਯਾਬੀ ਵਿਚ ਇਕ ਨੰਬਰ ਹੋਰ ਜੋੜ ਲਵੋ। ਨਾਲੇ ਹੁਣ ਤੁਸੀਂ ਆਮ ਨਹੀਂ ਰਹੇ ‘ਖ਼ਾਸ’ ਹੋ ਗਏ ਹੋ। ਜਿਸ ਲਈ ਲੋਕਾਂ ਨੂੰ ਆਰਟੀਕਲ ਲਿਖਣੇ ਪੈਂਦੇ ਹਨ।ਏਸੇ ਸ਼ਖਸ ਦੇ ਸਬਦਾਂ ਵਿਚ, “ਸਮਝੇ ਵੀ ਕਿਉਂ ਨਾ, ਲੋਕ ਉਸ ਦੇ ਬਲੌਗ ਉੱਤੇ ਆਪਣੀ ਰਚਨਾ ਛਪਣ ਦੀ ਉਡੀਕ ਇੱਕ ਲੱਤ ਭਾਰ ਹੋ ਕੇ ਕਰਦੇ ਹਨ।” ਭਲਾ ਕਿਉਂ ਤੇ ਕੌਣ ਕਰਦੇ ਹਨ ਇਹ ਸਾਰੀ ਉਡੀਕ ?
------
ਇਹ ਕਦੇ ਵੀ ਉਚਿਤ ਨਹੀਂ ਹੋਵੇਗਾ ਕਿ ਸਾਰਾ ਕੂੜ-ਕਬਾੜ ਜੋ ਆਰਸੀ ਲਈ ਪਹੁੰਚਦਾ ਹੈ, ਉਸਨੂੰ ਪੋਸਟ ਕਰ ਦਿੱਤਾ ਜਾਵੇ। (ਜਿਵੇਂ ਇਸ ਭੱਦਰਪੁਰਸ਼ ਦੀ ਮੰਗ ਹੈ)। ਅਸੀਂ ਪਾਠਕ ਹੋਣ ਦੇ ਨਾਤੇ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਛਾਣਨੀ ਹੋਰ ਬਰੀਕ ਕਰ ਦਿੱਤੀ ਜਾਵੇ। ਇਸ ਨਾਲ ਕੀਮਤੀ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ,ਸਗੋੰ ਕੇਵਲ ਮਿਆਰੀ ਸਾਹਿਤ ਹੀ ਪਾਠਕਾਂ ਤੱਕ ਪਹੁੰਚੇਗਾ। ਮੈਂ ਬਹੁਤ ਘੱਟ ਲਿਖਦਾ ਹਾਂ। ਪਰ ਜੇ ਕਦੇ ਲਿਖ ਕੇ ਆਰਸੀ ਨੂੰ ਭੇਜਾਂ ਤਾਂ ਜੇ ਉਹ ਆਰਸੀ ਦੇ ਸਟੈਂਡਰਡ ਦਾ ਨਾ ਹੋਵੇ ਤਾਂ ਬਿਲਕੁਲ ਨਾ ਛਾਪਣਾ। ਮੈਨੂੰ ਛਪਣ ਨਾਲੋਂ ਨਾ ਛਪਣ ਦੀ ਵਧੇਰੇ ਖ਼ੁਸ਼ੀ ਹੋਵੇਗੀ।
-----
ਅਸੀਂ ਸੱਜਣ-ਮਿੱਤਰ ਤੁਹਾਡੇ ਕੰਮ ਦੀ ਸ਼ਲਾਘਾ ਕਰਦੇ ਰਹਿੰਦੇ ਹਾਂ ਅਤੇ ਤੁਹਾਡੀ ਹਿੰਮਤ ਅਤੇ ਮਿਹਨਤ ਦੀ ਦਾਦ ਦਿੰਦੇ ਹਾਂ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਆਰਸੀ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਅਸੀਂ ਰੋਜ਼ਾਨਾ ਨੇਮ ਨਾਲ਼ ਆਰਸੀ ’ਤੇ ਫੇਰੀ ਪਾਉਂਦੇ ਹਾਂ। ਇਕ ਤਰ੍ਹਾਂ ਨਾਲ਼ ਸਾਨੂੰ ‘ਆਰਸੀ ਅਡਿਕਸ਼ਨ’ ਹੋ ਗਈ ਹੈ। ਸ਼ਾਲਾ! ਆਰਸੀ ਹੋਰ ਨਵੇਂ ਦਿਸਹੱਦੇ ਤੈਅ ਕਰੇ ਤੇ ਇਹ ਅਡਿਕਸ਼ਨ ਹੋਰ ਵਧਦੀ ਜਾਵੇ।
----
ਉਮੀਦ ਹੈ ਤੁਸੀਂ ਜਲਦੀ ਠੀਕ ਹੋ ਕੇ ਆਪਣੇ ਕੰਮ ਵਿਚ ਅੱਗੇ ਨਾਲੋਂ ਵੱਧ ਜ਼ੋਰ ਅਤੇ ਉਤਸ਼ਾਹ ਨਾਲ ਜੁਟ ਜਾਵੋਗੇ। ਸਾਡੇ ਗੁਰੂਆਂ ਨੇ ਵੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਸਿੱਖਿਆ ਦਿੱਤੀ ਹੈ। ਭੁੱਲ ਚੁੱਕ ਮਾਫ਼।
ਸਤਿਕਾਰ ਸਹਿਤ
ਹਰਪਾਲ ਸਿੰਘ ਭਿੰਡਰ
ਕੈਲੇਫੋਰਨੀਆ, ਯੂ.ਐੱਸ.ਏ.