ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ

Monday, December 14, 2009

ਸੰਤੋਖ ਧਾਲੀਵਾਲ - ਖ਼ਬਰਾਂ 'ਚ ਬਣੇ ਰਹਿਣ ਲਈ ਬਖ਼ਸ਼ਿੰਦਰ ਨੇ ਆਰਸੀ ਖ਼ਿਲਾਫ਼ ਲੇਖ ਲਿਖਿਆ ਹੈ - ਤਾਜ਼ਾ ਪ੍ਰਤੀਕਰਮ

ਬੇਟੇ ਤਮੰਨਾ
ਅਜੀਤ ‘ਚ ਛਪਿਆ ਕਿਸੇ ਪੱਤਰਕਾਰ ਦਾ ਆਰਸੀ ਨੂੰ ਭੰਡਣ ਲਈ ਲਿਖਿਆ ਲੇਖ ਪੜ੍ਹਿਆ। ਮੇਰਾ ਕੰਪੀਊਟਰ ਕੁਝ ਅੜੀ ਜਿਹੀ ਕਰ ਰਿਹਾ ਸੀ ਕਿੰਨੇ ਹੀ ਚਿਰਾਂ ਤੋਂ ਨਹੀਂ ਤਾਂ ਮੈਂ ਇਹ ਪਹਿਲਾਂ ਹੀ ਲਿਖ ਦੇਣਾ ਸੀ। ਮੈਂ ਇੱਕ ਗੱਲ ਦਾ ਧਾਰਨੀ ਹਾਂ ਕਿ ਸਾਡੀ ਪੰਜਾਬੀ ਸੋਚਣੀ ‘ਚ ਇਹ ਗੱਲ ਬੜੀ ਕੁੱਟ ਕੁੱਟ ਕੇ ਭਰੀ ਹੋਈ ਹੈ ਕਿ ਤੁਹਾਥੋਂ ਜਿਹੜਾ ਮੋਹਰਲੀ ਕਤਾਰ ‘ਚ ਹੈ, ਆਪ ਕੋਈ ਉਸਤੋਂ ਵਾਧੂ ਕੰਮ ਕਰਕੇ ਉਸਤੋਂ ਮੋਹਰੇ ਹੋਣ ਦੀ ਬਜਾਏ ਉਸਦੀਆਂ ਲੱਤਾਂ ਖਿੱਚ ਕੇ ਉਸਨੂੰ ਕਿਸੇ ਵੀ ਤਰੀਕੇ ਨਾਲ ਭੰਡ ਕੇ, ਕਿਸੇ ਨਾ ਕਿਸੇ ਤਰ੍ਹਾਂ ਨੀਵਾਂ ਵਿਖਾ ਕੇ ਆਪਣੇ ਤੋਂ ਪਿੱਛੇ ਕਰ ਲਵੋ, ਇਸ ‘ਚ ਹੀ ਤੁਹਾਡੀ ਜਿੱਤ ਹੈ। ਇਹ ਬਖ਼ਸ਼ਿੰਦਰ ਮਹਾਰਾਜ ਕੀ ਸ਼ੈਅ ਹੈ, ਕੌਣ ਹੈ ਇਹ ਜਿਸਨੇ ਆਰਸੀ ਬਲੌਗ ਅਤੇ ਤੇਰੇ 'ਤੇ ਉਂਗਲੀ ਉਠਾਈ ਹੈ? ਮੈਨੂੰ ਲਗਦੈ ਇਸਨੂੰ ਤੇਰੀ ਪ੍ਰਤਿਭਾ ਤੇ ਪੰਜਾਬੀ ਲਈ ਸਿਰ ਤੋੜ ਮਿਹਨਤ ਕਰਕੇ ਇੱਕ ਮਿਆਰੀ ਬਲੌਗ ਬਣਾਉਣ ਤੇ ਈਰਖਾ ਹੋ ਰਹੀ ਹੈ। ਹੋਰ ਵੀ ਇਵੇਂ ਬਹੁਤ ਸੜਨਗੇ ਤੇ ਆਪਣੀ ਅਕਲ ਦਾ ਇਜ਼ਹਾਰ ਕਰਨਗੇ। ਇਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
-----
ਜੇ ਇਹ ਕਿਸੇ ਅਖ਼ਬਾਰ ਦਾ ਰਿਪੋਰਟਰ ਹੈ ਤਾਂ ਉਸ ਅਖ਼ਬਾਰ ਦੇ ਮੋਹਰਾਲੀਆਂ ਨੂੰ ਇਸਨੂੰ ਲਗਾਮਾਂ ਪਾਉਣੀਆਂ ਚਾਹੀਦੀਆਂ ਹਨ, ਪਰ ਸ਼ਾਇਦ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਇਹ ਸਾਰਿਆਂ ਦੀ ਰਲ਼ੀ ਮਿਲ਼ੀ ਭੁਗਤ ਹੀ ਹੁੰਦੀ ਹੈ। ਖ਼ਬਰਾਂ ‘ਚ ਰਹਿਣ ਲਈ ਤਾਂ ਲੋਕ ਆਪਣੀਆਂ ਬਹੁਤ ਸਾਰੀਆਂ ਇੱਜ਼ਤਾਂ ਵੀ ਦਾਅ ਤੇ ਲਾ ਦਿੰਦੇ ਹਨ। ਇਸ ਭੜੂਏ ਨੇ ਇਹ ਲੇਖ ਲਿਖ ਕੇ ਖ਼ਬਰਾਂ ‘ਚ ਰਹਿਣ ਵਾਲਾ ਕੰਮ ਹੀ ਕੀਤਾ ਹੈ। ਇਹ ਪੰਜਾਬੀ ਜ਼ਬਾਨ ਦਾ ਹਤੈਸ਼ੀ ਨਹੀਂ ਹੋ ਸਕਦਾ।
-----
ਪੰਜਾਬੀ ਦਾ ਹੀ ਇੱਕ ਬਹੁਤ ਵਧੀਆ ਆਖਾਣ ਹੈ ਜਿਹੜਾ ਇਹੋ ਜਿਹੇ ਲੋਕਾਂ ਨੂੰ ਚੰਗੀ ਤਰ੍ਹਾਂ ਬਿਆਨਦਾ ਹੈ।
“ਕੁੱਤੇ ਭੌਂਕਦੇ ਹੀ ਹੁੰਦੇ ਹਨ ਹਾਥੀਆਂ ਦੀਆਂ ਤੋਰਾਂ 'ਤੇ।”
.......
“ਹਾਥੀ ਤੁਰਦੇ ਰਹਿੰਦੇ ਹਨ ਤੇ ਕੁੱਤੇ ਭੌਂਕਦੇ ਹੀ ਰਹਿੰਦੇ ਹਨ।

‘ਆਰਸੀ’ ਭਾਪਾ ਪ੍ਰੀਤਮ ਸਿੰਘ ਦੀ ਜਾਇਦਾਦ ਨਹੀਂ ਸੀ। ਇਹ ਸਾਡੇ ਪੰਜਾਬੀ ਵਿਰਸੇ ਦੀ ਨਿੱਘੀ ਰੁੱਤ ਦਾ ਚਿੰਨ੍ਹ ਹੈ। ਹਾਸਿਆਂ ਦੀ ਵੇਦਨਾ ਹੈ। ਜੇ ਤੂੰ ਆਪਣੇ ਬਲੌਗ ਨੂੰ ਆਰਸੀ ਕਹਿ ਲਿਆ ਫੇਰ ਕੀ ਮਾੜੀ ਗੱਲ ਹੋਈ?? ਭਾਪਾ ਪ੍ਰੀਤਮ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਆਰਸੀ ਪਰਚਾ ਉਸਦੇ ਜੀਂਦੇ ਜੀਅ ਹੀ ਬੰਦ ਹੋ ਗਿਆ ਸੀ। ਕੀ ਹੁਣ ਅਸੀਂ ਪੰਜਾਬੀ ‘ਚ 'ਆਰਸੀ' ਸ਼ਬਦ ਵਰਤਣਾ ਹੀ ਬੰਦ ਕਰ ਦੇਈਏ?? ਨਾਗਮਣੀ ਅੰਮ੍ਰਿਤਾ ਦਾ ਪਰਚਾ ਸੀ। ਉਸ ਤੋਂ ਬਿਨਾ ਉਸ ‘ਚ ਕਿਸੇ ਦੀ ਦਖਲ ਅੰਦਾਜ਼ੀ ਉਸਨੂੰ ਮਨਜ਼ੂਰ ਨਹੀਂ ਸੀ, ਇੱਥੋਂ ਤੱਕ ਕਿ ਉਸਦੀ ਮੁਹੱਬਤ, ਇਮਰੋਜ਼ ਵੀ ਸਕੈਚ ਬਣਾਉਣ ਤੱਕ ਹੀ ਮਹਿਦੂਦ ਸੀ। ਇਨ੍ਹਾਂ ਲੋਕਾਂ ਦਾ ਬਹੁਤਾ ਫ਼ਿਕਰ ਨਹੀਂ ਕਰਨਾ ਚਾਹੀਦਾ।
----
ਮੈਂ ਬਦੇਸ਼ਾ ਜੀ ਦਾ ਲੇਖ ਵੀ ਅੱਜ ਪੜ੍ਹਿਆ ਹੈ।ਉਨ੍ਹਾਂ ਦੀ ਸ਼ਬਦਾਵਲੀ ਤੇ ਵੀ ਮੈਨੂੰ ਅਫ਼ਸੋਸ ਹੈ। ਇਹੋ ਤਾਂ ਬਖ਼ਸ਼ਿੰਦਰ ਵਰਗੇ ਲੋਕ ਚਾਹੁੰਦੇ ਹੁੰਦੇ ਹਨ। ਚਿੱਕੜ ਉਛਾਲ਼ਣ ਵਾਲਿਆਂ ਨੂੰ ਉਨ੍ਹਾਂ ਵਰਗੇ ਚਿਕੜ ‘ਚ ਜਵਾਬ ਦੇਣਾ ਬਹੁਤਾ ਚੰਗਾ ਨਹੀਂ ਹੁੰਦਾ।ਇਸ ਨਾਲ਼ ਤੁਸੀਂ ਆਪ ਵੀ ਲਿਬੜਦੇ ਹੋ। ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨ ‘ਚ ਹੀ ਬਿਹਤਰੀ ਹੈ। ਪੰਜਾਬੀ ‘ਚ ਲਿਖਣ ਵਾਲੇ ਬਹੁਤ ਸਾਰੇ ਲੇਖਕ ਤੇਰੇ ਇਸ ਉੱਦਮ ਦੀ ਸ਼ਲਾਘਾ ‘ਚ ਆਪਣੀਆਂ ਹਾਜ਼ਰੀਆਂ ਲੁਆ ਚੁੱਕੇ ਹਨ। ਲੇਖਕ ਛੋਟਾ ਜਾਂ ਵੱਡਾ ਨਹੀਂ ਹੁੰਦਾ, ਪਰ ਹਾਂ!! ਹਰ ਇੱਕ ਦੀ ਆਪੋ ਆਪਣੀ ਸੀਮਾ ਜ਼ਰੂਰ ਹੁੰਦੀ ਹੈ।ਤੈਨੂੰ ਹੋਰ ਬਹੁਤੀਆਂ ਦਲੀਲਾਂ ਦੀ ਲੋੜ ਨਹੀਂ ਹੈ।ਤੇਰਾ ਪੰਜਾਬੀ ਨਾਲ ਮੋਹ ਹੀ ਤੇਰੇ ਲਈ ਸਾਰੀਆਂ ਦਲੀਲਾਂ ਹਨ।
----
ਦਿਲ ਛੋਟਾ ਕਰਨ ਦੀ ਲੋੜ ਨਹੀਂ। ਸਗੋਂ ਇਹੋ ਜਿਹੀਆਂ ਕਮਲਿਆਂ ਦੀਆਂ ਕਰਤੂਤਾਂ ਤੈਨੂੰ ਹੋਰ ਤਕੜੇ ਹੋ ਕੇ ਆਪਣੇ ਪੰਜਾਬੀ ਲਈ ਮੋਹ ਤੇ ਫ਼ਰਜ਼ ਨੂੰ ਪੂਰਿਆਂ ਕਰਨ ਲਈ ਇੱਕ ਚਣੌਤੀ ਬਣਨਗੇ।

ਹੋਰ ਤਕੜੇ ਹੋ ਕੇ ਆਪਣੇ ਇਸ ਕੰਮ ‘ਚ ਜੁਟੀ ਰਹਿ।ਤੇਰੀ ਚੰਗੀ ਸਿਹਤ ਲਈ ਸਾਡੀਆਂ ਦੁਆਵਾਂ ਤੇ ਸਾਹਿੱਤਕ ਸਹਿਯੋਗ ਜਿੰਨੇ ਕੁ ਜੋਗਰੇ ਅਸੀਂ ਹਾਂ ਹਮੇਸ਼ਾ ਤੇਰੇ ਨਾਲ਼ ਹੈ।

ਸੰਤੋਖ ਧਾਲੀਵਾਲ
ਯੂ.ਕੇ.

No comments: