ਨਿਰਮਲ ਸਿੰਘ ਕੰਧਾਲਵੀ
ਯੂ.ਕੇ.
-----
ਮੈਂ ਅਤੇ ਮੇਰੇ ਹੋਰ ਵੀ ਬਹੁਤ ਸਾਰੇ ਹਮਖ਼ਿਆਲ ਇਹ ਗੱਲ ਸੋਚਣ ਉੱਪਰ ਮਜਬੂਰ ਹੋ ਗਏ ਨੇ ਕਿ ਜੇਕਰ ਝੂਠੀਆਂ ਤਾਰੀਫ਼ਾਂ ਦੇ ਬਾਂਡ ਭਰਕੇ ਭੇਜਣ ਨਾਲ ਰਚਨਾਵਾਂ ਛਪਵਾਈਆਂ ਜਾ ਸਕਦੀਆਂ ਨੇ ਫਿਰ ਤਾਂ ਸਾਨੂੰ ਸਾਰਿਆਂ ਨੂੰ ਰਲ਼ ਕੇ ਕਾਮਰੇਡਾਂ ਵਾਂਗ ਇੱਕ ਮੰਚ ਉੱਪਰ ਇਕੱਠੇ ਹੋਕੇ ਬਖ਼ਸ਼ਿੰਦਰ ਭਾਈ ਸਾਹਿਬ ਦੀਆਂ ਸਾਰੀਆਂ ਬਲਾਗਿੰਗ 'ਬਖ਼ਸ਼ਿੰਦਰੀਆਂ' ਨੂੰ ਕਾਮਯਾਬ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਨਾਲ਼ ਚਮਚਾਗਿਰੀ ਦੇ ਸਾਹਿਤ ਨੂੰ ਤਾਂ ਬੜ੍ਹਾਵਾ ਮਿਲੇਗਾ ਹੀ ਸਾਹਿਤ ਦੀ ਇੱਕ ਨਵੀਂ ਸਿਨਫ਼ ਵੀ ਈਜਾਦ ਹੋ ਜਾਵੇਗੀ।
-----
ਹੁਣ ਮੈਨੂੰ ਅਤੇ ਮੇਰੇ ਹਮਖ਼ਿਆਲਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਭੇਜੇ ਵੀਜ਼ੇ ਅਤੇ ਟਿਕਟ ਨਾਲ਼ ਲੱਗੀ ਯਾਰੀ ਦਾ ਕਰਜ਼ਾ ਹੀ ਮੋੜਨਾ ਸੀ ਤਾਂ ਗੱਲ ਦੋ-ਚਾਰ ਸਤਰਾਂ ਵਿੱਚ ਵੀ ਕੀਤੀ ਜਾ ਸਕਦੀ ਸੀ, ਉਸ ਤੋਂ ਉਪਰ ਵਾਲਾ ਸਾਰਾ ਕੱਚਾ ਚਿੱਠਾ ਬਿਆਨਣ ਦੀ ਕੀ ਜ਼ਰੂਰਤ ਸੀ, ਆਪੇ ਤਾਂ ਵੱਡੇ ਬਖ਼ਸ਼ਿੰਦਰ ਭਾਈ ਸਾਹਿਬ ਆਖਦੇ ਸਨ ਕਿ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਚਾਹੀਦੀ ਹੈ ਤਾਂ ਫੇਰ ਏਨਾ ਸਿੜੀ ਸਿਆਪਾ ਕਿਉਂ ?
-----
ਉਂਝ ਤਾਂ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਭਾਈ ਸਾਹਿਬ ਨੂੰ ਇਸ ਬਹਾਨੇ ਇਹ ਦੱਸਣ ਦਾ ਮੌਕਾ ਜ਼ਰੂਰ ਮਿਲ ਗਿਆ ਕਿ ਹਾਂ! ਹਾਂ!! ਮੈਨੂੰ ਟਿਕਟ ਅਤੇ ਰਾਹਦਾਰੀ ਕਾਨਫਰੰਸ ਵਾਲ਼ਿਆਂ ਨੇ ਦਿੱਤੀ ਹੈ ਕਰ ਲਓ ਜੀਹਨੇ.....
----
ਬੀਬੀ ਤਨਦੀਪ ਤਾਂ ਜੋ ਕਰਦੀ ਹੈ ਸੋ ਕਰਦੀ ਹੈ ਜੱਗ ਜ਼ਾਹਿਰ ਹੈ ਪਰ ਤੁਸੀਂ ਇਹ ਕੀ ਕਰਨ ਲੱਗੇ ਹੋ?? ਕੀ ਇਸ ਬਹਾਨੇ ਕੋਈ ਅਗਲੀ ਕਾਨਫਰੰਸ ਪੱਕੀ ਕਰਨ ਲੱਗੇ ਹੋਂ ਜਾਂ ਆਪਣੇ ਪੱਤਰਕਾਰੀ ਦੇ ਸੌ ਗੁਣ ਸਿਖਾਉਣ ਵਾਲੇ ਕਾਲਜ ਬਾਰੇ ਸ਼ੋਰ ਮਚਾਉਣ ਲੱਗੇ ਹੋਂ??? ਭਾਈ ਸਾਹਿਬ ਮੈਂ ਤਾਂ ਬੱਸ ਏਨੀ ਗੱਲ ਕਹਿਕੇ ਹੀ ਵਿਦਾ ਲੈਣੀ ਚਾਹਾਂਗਾ ਕਿ ਤੁਸੀਂ ਬਹੁਤ ਚੰਗੀ ਤਰਾਂ ਜਾਣਦੇ ਹੋ ਕਿ ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ!
ਤੁਹਾਡੇ ਵਲੋਂ ਬਖਸ਼ਿੰਦਰ ਦੀ ਭੇਜੀ ‘ਪੀਲੀ’ ਪੱਤਰਕਾਰੀ ਪੜ੍ਹਨ ਨੂੰ ਮਿਲੀ, ਜਿਸ ਤੋਂ ਆਪਣੇ ਅਖੌਤੀ ਪੱਤਰਕਾਰਾਂ ਦੇ ਮਿਆਰ ਦਾ ਪਤਾ ਲੱਗਦਾ ਹੈ। ਇਸ ਨਾਲ ਉਸਨੇ ਆਪਣਾ ਆਪ ਨੰਗਾ ਹੀ ਕੀਤਾ ਹੈ। ਸਕੂਲੀ ਬੱਚਿਆਂ ਵਾਂਗ ਗੂਗਲ ਸਰਚ ਇੰਜਨ ਤੋਂ ਬਲੌਗ ਤੇ ਪੱਤਰਕਾਰੀ ਬਾਰੇ ਜਾਣਕਾਰੀ ਇਕੱਠੀ ਕਰਕੇ ਮਸਾਂ ਲੇਖ ਪੂਰਾ ਕਰਨ ਜੋਗਾ ਹੋਇਆ ਇਹ ਸ਼ਖ਼ਸ, ਇਸ ਤੋਂ ਵੱਧ ਲਿਖ ਵੀ ਕੀ ਸਕਦਾ ਸੀ? ਬਿਨਾਂ ਸਿਰ ਪੈਰ ਤੋਂ ਇਸ ਤਰ੍ਹਾਂ ਦੇ ਦੂਸ਼ਣ ਤਾਂ ਕੋਈ ਵੀ ਕਿਸੇ ’ਤੇ ਲਾ ਸਕਦਾ ਹੈ। ਨਾ ਕਿਸੇ ਦਾ ਮੂੰਹ ਫੜਿਆ ਜਾ ਸਕਦਾ ਹੈ ਨਾ ਕਲਮ। ਨਾਲੇ ਹੱਕ ਸੱਚ ਦੀ ਗੱਲ ਕਰਨ ਲਈ ਏਨੀ ਕੁ ਕੁਰਬਾਨੀ ਤਾਂ ਦੇਣੀ ਹੀ ਪੈਂਦੀ ਹੈ, ਸਗੋਂ ਇਸ ਤੋਂ ਵੀ ਜ਼ਿਆਦਾ। ਹੁਣੇ ਜਿਹੇ ਹੋਏ ਸੂਰਜਵੰਸ਼ੀ ਦਵਾਖਾਨੇ ਵਾਲੇ ਸਕੈਂਡਲ ਵੇਲ਼ੇ ਪੱਤਰਕਾਰੀ ਦਾ ਢੰਡੋਰਾ ਪਿੱਟਣ ਵਾਲਾ ਇਹ ਸ਼ਖ਼ਸ ਭਲਾ ਕਿਉਂ ਨਹੀਂ ਬੋਲਿਆ?? ਸਾਉਣ ਦੇ ਅੰਨ੍ਹੇ ਨੂੰ ਹਰਾ ਹਰਾ ਹੀ ਦਿਸਦਾ ਹੁੰਦਾ ਹੈ।
-----
ਪੰਜਾਬੀ ਦੀ ਇਕ ਕਹਾਵਤ ਹੈ-‘ਹਾਥੀ ਤੁਰਦੇ ਰਹਿੰਦੇ ਹਨ ਕੁੱਤੇ ਭੌਂਕਦੇ ਰਹਿੰਦੇ ਹਨ।’ ਤੁਹਾਨੂੰ ਇਹੋ ਜਿਹੇ ਹੌਲੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਕਾਮਯਾਬ ਵਿਅਕਤੀਆਂ ਦੇ ਦੁਸ਼ਮਣ ਤੇ ਈਰਖਾਲੂਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਸੋ ਆਪਣੀ ਕਾਮਯਾਬੀ ਵਿਚ ਇਕ ਨੰਬਰ ਹੋਰ ਜੋੜ ਲਵੋ। ਨਾਲੇ ਹੁਣ ਤੁਸੀਂ ਆਮ ਨਹੀਂ ਰਹੇ ‘ਖ਼ਾਸ’ ਹੋ ਗਏ ਹੋ। ਜਿਸ ਲਈ ਲੋਕਾਂ ਨੂੰ ਆਰਟੀਕਲ ਲਿਖਣੇ ਪੈਂਦੇ ਹਨ।ਏਸੇ ਸ਼ਖਸ ਦੇ ਸਬਦਾਂ ਵਿਚ, “ਸਮਝੇ ਵੀ ਕਿਉਂ ਨਾ, ਲੋਕ ਉਸ ਦੇ ਬਲੌਗ ਉੱਤੇ ਆਪਣੀ ਰਚਨਾ ਛਪਣ ਦੀ ਉਡੀਕ ਇੱਕ ਲੱਤ ਭਾਰ ਹੋ ਕੇ ਕਰਦੇ ਹਨ।” ਭਲਾ ਕਿਉਂ ਤੇ ਕੌਣ ਕਰਦੇ ਹਨ ਇਹ ਸਾਰੀ ਉਡੀਕ ?
------
ਇਹ ਕਦੇ ਵੀ ਉਚਿਤ ਨਹੀਂ ਹੋਵੇਗਾ ਕਿ ਸਾਰਾ ਕੂੜ-ਕਬਾੜ ਜੋ ਆਰਸੀ ਲਈ ਪਹੁੰਚਦਾ ਹੈ, ਉਸਨੂੰ ਪੋਸਟ ਕਰ ਦਿੱਤਾ ਜਾਵੇ। (ਜਿਵੇਂ ਇਸ ਭੱਦਰਪੁਰਸ਼ ਦੀ ਮੰਗ ਹੈ)। ਅਸੀਂ ਪਾਠਕ ਹੋਣ ਦੇ ਨਾਤੇ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਛਾਣਨੀ ਹੋਰ ਬਰੀਕ ਕਰ ਦਿੱਤੀ ਜਾਵੇ। ਇਸ ਨਾਲ ਕੀਮਤੀ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ,ਸਗੋੰ ਕੇਵਲ ਮਿਆਰੀ ਸਾਹਿਤ ਹੀ ਪਾਠਕਾਂ ਤੱਕ ਪਹੁੰਚੇਗਾ। ਮੈਂ ਬਹੁਤ ਘੱਟ ਲਿਖਦਾ ਹਾਂ। ਪਰ ਜੇ ਕਦੇ ਲਿਖ ਕੇ ਆਰਸੀ ਨੂੰ ਭੇਜਾਂ ਤਾਂ ਜੇ ਉਹ ਆਰਸੀ ਦੇ ਸਟੈਂਡਰਡ ਦਾ ਨਾ ਹੋਵੇ ਤਾਂ ਬਿਲਕੁਲ ਨਾ ਛਾਪਣਾ। ਮੈਨੂੰ ਛਪਣ ਨਾਲੋਂ ਨਾ ਛਪਣ ਦੀ ਵਧੇਰੇ ਖ਼ੁਸ਼ੀ ਹੋਵੇਗੀ।
-----
ਅਸੀਂ ਸੱਜਣ-ਮਿੱਤਰ ਤੁਹਾਡੇ ਕੰਮ ਦੀ ਸ਼ਲਾਘਾ ਕਰਦੇ ਰਹਿੰਦੇ ਹਾਂ ਅਤੇ ਤੁਹਾਡੀ ਹਿੰਮਤ ਅਤੇ ਮਿਹਨਤ ਦੀ ਦਾਦ ਦਿੰਦੇ ਹਾਂ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਆਰਸੀ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਅਸੀਂ ਰੋਜ਼ਾਨਾ ਨੇਮ ਨਾਲ਼ ਆਰਸੀ ’ਤੇ ਫੇਰੀ ਪਾਉਂਦੇ ਹਾਂ। ਇਕ ਤਰ੍ਹਾਂ ਨਾਲ਼ ਸਾਨੂੰ ‘ਆਰਸੀ ਅਡਿਕਸ਼ਨ’ ਹੋ ਗਈ ਹੈ। ਸ਼ਾਲਾ! ਆਰਸੀ ਹੋਰ ਨਵੇਂ ਦਿਸਹੱਦੇ ਤੈਅ ਕਰੇ ਤੇ ਇਹ ਅਡਿਕਸ਼ਨ ਹੋਰ ਵਧਦੀ ਜਾਵੇ।
----
ਉਮੀਦ ਹੈ ਤੁਸੀਂ ਜਲਦੀ ਠੀਕ ਹੋ ਕੇ ਆਪਣੇ ਕੰਮ ਵਿਚ ਅੱਗੇ ਨਾਲੋਂ ਵੱਧ ਜ਼ੋਰ ਅਤੇ ਉਤਸ਼ਾਹ ਨਾਲ ਜੁਟ ਜਾਵੋਗੇ। ਸਾਡੇ ਗੁਰੂਆਂ ਨੇ ਵੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਸਿੱਖਿਆ ਦਿੱਤੀ ਹੈ। ਭੁੱਲ ਚੁੱਕ ਮਾਫ਼।
ਸਤਿਕਾਰ ਸਹਿਤ
ਹਰਪਾਲ ਸਿੰਘ ਭਿੰਡਰ
ਕੈਲੇਫੋਰਨੀਆ, ਯੂ.ਐੱਸ.ਏ.
ਲੇਖ
ਆਪ ਜੀ ਨੂੰ ਤਲਵਾਰ ਨਾਲੋਂ ਤਿੱਖੀ ਕਲਮ ਦੇ ਸੱਚੇ-ਸੁੱਚੇ ਸ਼ਬਦਾਂ ਵਰਗਾ ਪ੍ਰਣਾਮ!
ਅਜ਼ੀਜ਼ ਪਾਠਕੋ!
ਮੈਂ ਪੱਤਰਕਾਰੀ ‘ਚ ਕੋਈ ਡਿਗਰੀ ਤਾਂ ਪ੍ਰਾਪਤ ਨਹੀਂ ਕੀਤੀ, ਪ੍ਰੰਤੂ ਪੱਤਰਕਾਰਾਂ ਦੀ ਸੰਗਤ ‘ਚ ਵਿਚਰਦਿਆਂ, ਪੱਤਰਕਾਰੀ ਦੇ ਰੁਤਬੇ ਨੂੰ ਹਮੇਸ਼ਾ ਸਲਾਮ ਕਰਦਾ ਹਾਂ ਤੇ ਪੱਤਰਕਾਰਾਂ ਦੀ ਘਾਲਣਾ ਨੂੰ ਨਤਮਸਤਕ ਹੁੰਦਾ ਹਾਂ।ਸਮਾਜਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਿਆਂ, ਇੱਕ ਪੱਤਰਕਾਰ ਦਾ ਫ਼ਰਜ਼ ਹੈ ਕਿ ਉਹ ਸਮਾਜ ਅੱਗੇ ਹਰ ਘਟਨਾ ਦੀ ਸੱਚੀ ਅਤੇ ਸਹੀ ਤਸਵੀਰ ਦਿਖਾ ਕੇ ਚੇਤੰਨ ਕਰੇ।
-----
ਪੱਤਰਕਾਰੀ ਦੇ ਮੁੱਢਲੇ ਅਸੂਲਾਂ ਨੂੰ ਮੱਦੇ-ਨਜ਼ਰ ਰੱਖਣਾ ਪੱਤਰਕਾਰ ਦਾ ਕੇਵਲ ਫ਼ਰਜ਼ ਹੀ ਨਹੀਂ , ਬਲਕਿ ਉਸਦਾ ਧਰਮ ਵੀ ਹੁੰਦਾ ਹੈ। ਨਿਰਾ-ਪੁਰਾ ਪੱਤਰਕਾਰੀ ਦਾ ਲਿਬਾਸ ਪਹਿਨ ਕੇ ਧਰਮੀ ਨਹੀਂ ਬਣਿਆ ਜਾ ਸਕਦਾ, ਸਿਰਫ਼ ਕਲਮ ਘਸਾਉਂਣ ਨਾਲ ਜਾਂ ਜ਼ੁਬਾਨ ਚਲਾਉਣ ਨਾਲ਼ ਹਰ ਕੋਈ ਪੱਤਰਕਾਰ ਨਹੀਂ ਬਣ ਸਕਦਾ। ਪੱਤਰਕਾਰੀ ਦਾ ਕਿੱਤਾ ਕੋਈ ਫੁੱਲਾਂ ਦੀ ਸੇਜ ਨਹੀਂ, ਸਗੋਂ ਸੂਲ਼ਾਂ ਅਤੇ ਖੰਜਰਾਂ ਤੇ ਤੁਰ ਕੇ ਆਪਣੀ ਮੰਜ਼ਿਲ ਵੱਲ ਵਧਣ ਦਾ ਨਾਮ ਪੱਤਰਕਾਰੀ ਹੈ।
-----
ਤੁਸੀਂ ਦੇਖਿਆ ਹੋਵੇਗਾ ਕਿ ਜੰਗ ਦੇ ਮੈਦਾਨ ‘ਚ ਇੱਕ ਪਾਸੇ ਬੰਬ ਫਟਦੇ ਹੁੰਦੇ ਨੇ, ਖ਼ੂਨ ਦੀਆਂ ਨਦੀਆਂ ਵਹਿ ਰਹੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਇੱਕ ਪੱਤਰਕਾਰ/ਰਿਪੋਰਟਰ ਕਿਸੇ ਨੁੱਕਰ ‘ਚ ਲੁਕ ਕੇ ਰਿਪੋਰਟ ਪੇਸ਼ ਕਰ ਰਿਹਾ ਹੁੰਦਾ ਹੈ। ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਪੱਤਰਕਾਰੀ ਕਰਨਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਕਈ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ, ਧੜਾਂ ਨਾਲ਼ੋਂ ਧੌਣਾਂ ਵੀ ਵੱਖ ਕਰਵਾ ਲਈਆਂ, ਪਰ ਆਪਣੇ ਫ਼ਰਜ਼ਾਂ ਤੋਂ ਕੋਤਾਹੀ ਨਹੀਂ ਕੀਤੀ। ਮੇਰਾ ਸਲਾਮ ਹੈ – ਉੱਚੇ-ਸੁੱਚੇ ਮੰਤਵ ਖ਼ਾਤਿਰ ਸ਼ਹੀਦ ਹੋਏ ਪੱਤਰਕਾਰਾਂ ਤੇ ਹੋਰ ਮੀਡੀਆ ਰਿਪੋਰਟਰਾਂ ਨੂੰ।
-----
ਪਰ ਜੇ ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਪੀਲ਼ੀ ਪੱਤਰਕਾਰੀ ਕਰਨ ਵਾਲ਼ੇ ਆਪਣੇ ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਅੱਜ ਕੌਡੀਆਂ ਦੇ ਭਾਅ ਆਪਣਾ ਈਮਾਨ ਵੇਚ ਰਹੇ ਹਨ। ਮੇਰੀ ਦੁਰਕਾਰ ਹੈ…! ਫ਼ਿਟਕਾਰ ਹੈ – ਅਜਿਹੇ ਵਿਕੇ ਹੋਏ ਤੇ ਇਖ਼ਲਾਕ ਤੋਂ ਡਿੱਗੇ ਹੋਏ ਪੱਤਰਕਾਰਾਂ ਨੂੰ।
-----
ਹੁਣ ਉਹ ਜ਼ਮਾਨੇ ਤਾਂ ਗਏ, ਜਦੋਂ ਲੋਕ ਆਪਣੇ ਸੰਦੇਸ਼ ਕਬੂਤਰਾਂ ਜਾਂ ਡਾਕੀਆਂ ਰਾਹੀਂ ਭੇਜਦੇ ਸਨ। ਅੱਜ ਇੰਟਰਨੈੱਟ ਦਾ ਯੁੱਗ ਹੈ। ਪੂਰੀ ਦੁਨੀਆਂ ਇੱਕ ਪਿੰਡ ਵਾਂਗ ਹੀ ਹੈ। ਤੁਹਾਡੇ ਵੱਲੋਂ ਭੇਜੀ ਖ਼ਬਰ, ਇੱਕ ਅੱਖ ਦੇ ਝਮੱਕੇ ਨਾਲ਼ ਦੂਜੇ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤੇ ਅੱਖ ਤੋਂ ਅੱਖ ਦੇ ਫੋਰ ਨਾਲ਼ ਦਿਲ ਤੱਕ ਵੀ ਪਹੁੰਚ ਸਕਦੀ ਹੈ। ਈਜਾਦ ਹੋਣ ਤੋਂ ਆਜ਼ਾਦ ਹੋਣ ਤੱਕ ਆਧੁਨਿਕ ਮੀਡੀਆ ਵੀ ਕਿਸੇ ਨਾ ਕਿਸੇ ਸਿਧਾਂਤ ਤੇ ਟਿਕਿਆ ਹੋਇਆ ਹੈ।
-----
ਤੁਹਾਡੇ ਵੱਲੋਂ ਕੀਤੀ ਰਿਪੋਰਟ ਤੁਹਾਡੀ ਸੋਚ ‘ਤੇ ਨਿਰਭਰ ਕਰਦੀ ਹੈ ਕਿ ਕੀ ਉਹ ਸਿਧਾਂਤਾਂ ਤੇ ਖ਼ਰੀ ਉੱਤਰਦੀ ਹੈ - ਇਹ ਨਿਰਣਾ ਜੇ ਤੁਸੀਂ ਖ਼ੁਦ ਨਹੀਂ ਕਰ ਸਕਦੇ ਤਾਂ ਸੁਹਿਰਦ ਪਾਠਕ ਝੱਟ ਹੀ ਕਰ ਲੈਂਦੇ ਹਨ। ਕਿਸੇ ਮੈਗਜ਼ੀਨ, ਅਖ਼ਬਾਰ, ਰੇਡਿਓ, ਟੈਲੀਵਿਯਨ, ਵੈੱਬ-ਸਾਈਟ ਜਾਂ ਬਲੌਗ ਦੇ ਆਪਣੇ ਵੀ ਕੁਝ ਅਸੂਲ ਹੁੰਦੇ ਹਨ। ਜੇਕਰ ਤੁਹਾਡੀ ਰਚਨਾ ਜਾਂ ਖ਼ਬਰ, ਕਿਸੇ ਵੱਲੋਂ ਪਾਠਕਾਂ, ਦਰਸ਼ਕਾਂ ਨਾਲ਼ ਸਾਂਝੀ ਕਰਨ ਤੋਂ ਮਨਾਹੀ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਆਪਣੇ-ਆਪ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਆਪਣੀ ਮਾਨਸਿਕਤਾ ਦਾ ਖ਼ੁਦ ਵੀ ਨਿਰੀਖਣ ਕਰਨਾ ਚਾਹੀਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਕੁਝ ਝੋਲ਼ੀ-ਚੁੱਕ ਪੱਤਰਕਾਰ, ਟਕੇ-ਟਕੇ ‘ਤੇ ਜ਼ਮੀਰ ਵੇਚਣ ਵਾਲ਼ੇ ਉਸੇ ਹੀ ਮਾਧਿਅਮ ਨੂੰ ਦੁਸ਼ਮਣ ਸਮਝਣ ਲੱਗ ਪੈਂਦੇ ਨੇ, ਜਿਸਨੇ ਕਦੇ ਉਹਨਾਂ ਦੀ ਗੁੱਡੀ ਅੰਬਰੀਂ ਚਾੜ੍ਹੀ ਹੁੰਦੀ ਹੈ।
-----
ਅੱਜ-ਕੱਲ੍ਹ ਪੜ੍ਹਦਿਆਂ-ਸੁਣਦਿਆਂ ਜਾਂ ਨਿੱਜੀ ਅਨੁਭਵ ਤੋਂ ਮਹਿਸੂਸ ਹੁੰਦਾ ਹੈ ਕਿ ਕੁਝ ਕੁ ਅਖੌਤੀ ‘ਅੰਤਰ-ਰਾਸ਼ਟਰੀ’ ਪੱਤਰਕਾਰ ਕਿਸ ਕਦਰ ਵਿਕ ਤੇ ਡਿੱਗ ਚੁੱਕੇ ਹਨ। ਕਈ ਤਾਂ ਪਿਛਲੀ ਉਮਰੇ ਆ ਕੇ ਸੱਤਰੇ-ਬਹੱਤਰੇ ਵੀ ਗਏ ਨੇ। ਲੰਬਾ ਸਮਾਂ ਜਿਹਨਾਂ ਨੇ ਪੰਜਾਬ ਦੇ ਸਿਰਕੱਢ ਅਖ਼ਬਾਰਾਂ, ਜਿਵੇਂ ਅਜੀਤ, ਜੱਗਬਾਣੀ, ਪੰਜਾਬੀ ਟ੍ਰਿਬਿਊਨ, ਦੇਸ਼-ਸੇਵਕ ਆਦਿ ਦੇ ਦਫ਼ਤਰਾਂ ਮੂਹਰੇ ਖੁਰੀਆਂ ਲਾਉਣ ਵਾਲ਼ਿਆਂ ਵਾਂਗੂੰ ਪੱਤਰਕਾਰੀ ਦਾ ਬਕਸਾ ਚੁੱਕ ਕੇ ਲੇਲ੍ਹੜੀਆਂ ਕੱਢੀਆਂ ਸਨ, ਅੱਜ ਪੁੱਠੀਆਂ ਟੋਪੀਆਂ ਲੈ ਕੇ, ਵੱਖਰਾ ਜਿਹਾ ਭੇਸ ਬਣਾ ਕੇ, ਬੜੇ ਮਹਾਨ ਪੱਤਰਕਾਰ ਦਾ ਆਈ.ਡੀ.ਕਾਰਡ ਤੇ ਵੱਡਾ ਸਾਰਾ ਬਿੱਲਾ ਲਾ ਕੇ ਮਹਾਨ ਪੱਤਰਕਾਰ ਹੋਣ ਦਾ ਭਰਮ ਪਾਲ਼ੀ ਬੈਠੇ ਹਨ।
-----
ਇਸ ਵਾਰੀ ਹੋਰਨਾਂ ਪੱਤਰਕਾਰਾਂ ਨੂੰ ਛੱਡ ਕੇ ਹਲਕੇ-ਫੁਲਕੇ ਅੰਦਾਜ਼ ਵਿੱਚ ਇੱਕ ਅਖੌਤੀ ਪੱਤਰਕਾਰ ਨੂੰ ਕੇਂਦਰਿਤ ਹੋ ਕੇ ਗੱਲ ਕਰਨੀ ਚਾਹੁੰਦਾ ਹਾਂ ਕਿ ਪੰਜਾਬੀ ਕਾਨਫਰੰਸਾਂ ਦੇ ਕਰਤਾ-ਧਰਤਾ ਹੋਣ ਦਾ ਭਰਮ ਪਾਲ਼ੀ ਬੈਠਾ, ਇਹ ਝੋਲ਼ੀ ਚੁੱਕ ਲੇਖਕ/ਪੱਤਰਕਾਰ ਚਾਰ ਕੁ ਦਿਨ ਕੈਨੇਡਾ ਆ ਕੇ ਲਗਜ਼ਰੀ ਕਾਰਾਂ ਤੇ ਹਵਾਈ ਜਹਾਜ਼ਾਂ ‘ਚ ਝੂਟੇ ਲੈ ਕੇ, ਫਾਈਵ ਸਟਾਰ ਹੋਟਲਾਂ ਦਾ ਆਨੰਦ ਮਾਣਕੇ ਆਪਣੇ ਆਪ ਨੂੰ ਪੱਤਰਕਾਰੀ ਦਾ ‘ਭੀਸ਼ਮ ਪਿਤਾਮਾ’ ਸਮਝਣ ਲੱਗ ਪਿਆ ਹੈ।
----
ਇੱਕ ਪਾਸੇ ਤਾਂ ਇਹ ਪੰਜਾਬੀ ਦੇ ਬਲੌਗਾਂ ਦੇ ਸੰਚਾਲਕਾਂ ਅਤੇ ਲੇਖਕਾਂ ਨੂੰ ਪ੍ਰਿੰਟ ਮੀਡੀਆ ਵੱਲੋਂ ਫਿਟਕਾਰੇ ਹੋਏ ਵਰਜਿਤ ਵਿਅਕਤੀ ਆਖ ਕੇ ਅਪਮਾਨ ਕਰ ਰਿਹਾ ਹੈ ਤੇ ਦੂਸਰੇ ਪਾਸੇ ਖ਼ੁਦ ਆਪਣਾ ਬਲੌਗ ਬਣਾ ਕੇ ਹੋਰਨਾਂ ਬਲੌਗਾਂ ਨਾਲ਼ ਗਾਂਢੇ-ਸਾਂਢੇ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।
-----
‘ਪੰਜਾਬੀ ਆਰਸੀ’ ਬਲੌਗ ਉਤਨਾ ਚਿਰ ਇਸ ਭਲੇ ਪੁਰਸ਼ ਦੀਆਂ ਨਜ਼ਰਾਂ ਵਿਚ ਸਾਹਿਤਕ ਮਿਆਰ ਦੇ ਸਿਖ਼ਰ ‘ਤੇ ਸੀ, ਜਿੰਨਾਂ ਚਿਰ ਤੱਕ ਇਸਦੇ ਬਲੌਗ ਦਾ ਲਿੰਕ ਆਰਸੀ ਨਾਲ਼ ਜੋੜੀ ਰੱਖਿਆ। ਪਰ ਜਦੋਂ ਇਸਦੀਆਂ ਆਪ-ਹੁਦਰੀਆਂ ਨੂੰ ਮੱਦੇ-ਨਜ਼ਰ ਰੱਖਦਿਆਂ, ਇਸਦਾ 'ਸੋ ਕਾਲਡ' ਸਾਹਿਤਕ ਲਿੰਕ ‘ਆਰਸੀ’ ਚੋਂ ਡਿਲੀਟ ਕਰ ਦਿੱਤਾ ਗਿਆ ( ਜਿਵੇਂ ਮੱਖਣੀ ’ਚੋਂ ਵਾਲ਼ ਬਾਹਰ ਕੱਢ ਕੇ ਮਾਰੀਦਾ ਹੈ ਜਾਂ ਚਾਹ ‘ਚੋਂ ਮੱਖੀ) ਤਾਂ ਉਦੋਂ ਦੀ ਇਸ ਰੰਗੜਾਊ ਨੂੰ ਧਰਤੀ ਵਿਹਲ ਨਹੀਂ ਦੇ ਰਹੀ। ਤੇ ਜਨਾਬ ਹੁਣ ਨੀਵੇਂ ਪੱਧਰ ਦੀ ਪੱਤਰਕਾਰੀ ਨਾਲ਼ ‘ਆਰਸੀ’ ਤੇ ਨਜ਼ਲਾ ਝਾੜ ਰਿਹੈ – ਟਿੱਡੀਆਂ ਨੂੰ ਕਿਤੇ ਜ਼ੁਕਾਮ ਤਾਂ ਨ੍ਹੀਂ ਹੋ ਗਿਆ ??
-----
ਆਪਣੇ ਲੇਖ ਵਿੱਚ ਇਹ ਸਾਹਿਬ ਲਿਖ ਰਿਹਾ ਹੈ ਕਿ ਆਰਸੀ 'ਤੇ ਲੇਖਕਾਂ ਨੂੰ ਹਾਜ਼ਰੀ ਲਵਾਉਣ ਲਈ ਇੱਕ ਲੱਤ ਤੇ ਖੜ੍ਹੇ ਹੋ ਕੇ ਤਾਰੀਫ਼ ਕਰਦਿਆਂ ਬਾਂਡ ਭਰਕੇ ਭੇਜਣਾ ਪੈਂਦਾ ਹੈ । ਜ਼ਰਾ ਟੋਪੀ ਝਾੜ ਕੇ ਸੋਚੇ ਕਿ ਵੱਡੇ ਤੇ ਸਥਾਪਿਤ ਲੇਖਕਾਂ ਨੂੰ ਕੀ ਜ਼ਰੂਰਤ ਪਈ ਹੈ….ਆਰਸੀ ਲਈ ਰਚਨਾਵਾਂ ਭੇਜਣ ਖਾਤਿਰ ਬਾਂਡ ਭੇਜਣ ਦੀ ?...ਕੀ ਉਹਨਾਂ ਦੀਆਂ ਰਚਨਾਵਾਂ ਕਿਤੇ ਹੋਰ ਨਹੀਂ ਛਪਦੀਆਂ ..?
ਅੱਗੇ ਲਿਖ ਰਿਹੈ ਕਿ ਆਰਸੀ ਦਾ ਮੰਤਵ ਪੰਜਾਬੀ ਕਾਨਫਰੰਸ ਨੂੰ ਨੇਸਤੋ-ਨਾਬੂਦ ਕਰਨਾ ਸੀ ।ਪਰ ਇਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਪਹਿਲਾਂ ਹੀ ਹੋ ਚੁੱਕੀ ਸੀ। ਨਾਲੇ ਕਾਨਫਰੰਸ ਦਾ ਤੂੰ 'ਮਾਮਾ' ਲੱਗਦਾ ਸੀ ? ਜਿਸ ਕਾਰਣ ਤੈਨੂੰ ਐਨਾ ਦੁੱਖ ਲੱਗਾ । ਏਹਦੇ ਵਰਗਾ ਪਿੰਡਾਂ 'ਚ ਵਿਆਹ ਵਾਲੇ ਘਰੇ ਧੱਕੇ ਨਾਲ ਹੀ ਹਲਵਾਈਆਂ ਦੇ ਵੱਡੇ-ਵੱਡੇ ਪਤੀਲਿਆਂ 'ਚ ਸਿਰ ਫਸਾ ਕੇ ਕੂਚਾ ਮਾਰਨ ਡਿਹਾ ਹੁੰਦੈ।
-----
ਅੱਗੇ ਆਪਣੇ ਆਰਟੀਕਲ ਵਿੱਚ ਪਾਠਕਾਂ ਤੋਂ ਮੁਹਾਵਰੇ ਯਾਦ ਕਰਵਾਉਣ ਬਾਰੇ ਕਹਿ ਰਿਹੈ। ਕੁਝ ਉਪਰਲੀ ਉਦਾਹਰਣ ਨਾਲ ਮਿਲਦੇ ਜੁਲਦੇ ਮੈਂ ਯਾਦ ਕਰਵਾ ਦਿੰਦਾ ਹਾਂ ਕਿ 'ਕੁੱਤਾ ਰਾਜ ਬਹਾਲੀਏ ..ਫਿਰ ਚੱਕੀ ਚੱਟੇ !'...'ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ !'..... ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ... ‘ਹੱਥ ਨਾ ਉੱਪੜੇ ਥੂਹ ਕੌੜੀ..... ‘ਖਸਿਆਨੀ ਬਿੱਲੀ ਖੰਭਾ ਨੋਚੇ’...! ਅਗਲਾ ਮੁਹਾਵਰਾ ਮਾੜੀ ਔਲਾਦ ਲਈ ਹੈ ਕਿ...
" ਯਾਰ ਪਤੰਦਰ , ਮਾਹੀ ਲੰਡਰ, ਬਾਪੂ ਕੰਜਰ ! 'ਮੁੰਡਾ ਅੰਦਰ, ਪਿਓ ਟਰਾਂਟੋ, ਮਾਂ ਜਲੰਧਰ..!!" ਜਿੱਥੇ ਜਨਾਬ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ, ਉੱਥੇ ਆਪਣੀ ਸ਼ਕਲ ਦਾ ਵੀ ਅਸਲੀ ਰੂਪ ਦਿਖਾ ਦਿੱਤਾ ਹੈ।
------
ਇੱਕ ਵਾਰੀ ਸਾਡੇ ਪਿੰਡ ਦੇ ਇਕ ਬੰਦੇ ਨੂੰ ਪੱਤਰਕਾਰ ਬਣਨ ਦਾ ਭੂਤ ਸਵਾਰ ਹੋ ਗਿਆ, ਸ਼ਕਲੋਂ ਤਾਂ ਉਹ ਬੂਟਾ ਮੰਡੀ ਦੇ ਮੋਚੀਆਂ ਦਾ ਸਰਦਾਰ ਲੱਗਦਾ ਹੁੰਦਾ ਸੀ।ਕਿਸਮਤ ਦਾ ਖੇਲ, ਪੱਤਰਕਾਰ ਨਾ ਬਣ ਸਕਿਆ ਤਾਂ ਕਿਤੇ ਖੋਖਾ ਰੱਖ ਕੇ ਜੁੱਤੀਆਂ ਗੰਢਣ ਲੱਗ ਪਿਆ।…ਐਵੇਂ ਹੀ ਰਾਹ ਜਾਂਦੀ ਜਨਾਨੀ ਨੂੰ ਪਿੱਛੋਂ ਆਵਾਜ਼ ਮਾਰ ਕੇ ਤਰਲੇ ਜਿਹੇ ਪਾਈ ਜਾਇਆ ਕਰੇ .. “ ਭੈਣ ਜੀ ! ਸਵੇਰ ਦਾ ਕੋਈ ਗਾਹਕ ਨਹੀਂ ਆਇਆ…. ਰੱਬ ਦਾ ਵਾਸਤਾ! ਜੁੱਤੀ ਨੂੰ ਇੱਕ ਖੁਰੀ ਲਵਾ ਕੇ ਗ਼ਰੀਬ ਨੂੰ ਮਾਣ ਈ ਬਖ਼ਸ਼ ਦੇ..।”
........
ਤੇ ਇੱਕ ਦਿਨ ਕਿਸੇ ਮਾਡਰਨ ਜਿਹੀ ਕੁੜੀ ਨੇ ਜੁੱਤੀ ਲਾਹ ਕੇ ਦਿਖਾਉਂਦਿਆਂ ਉਸਨੂੰ ਤਾੜਿਆ.. .. “ ਟੁੱਟ ਪੈਣਿਆ! ਬਾਜ਼ ਆ ਜਾਹ! ਤੈਨੂੰ ਦੀਂਹਦਾ ਨਈਂ ਕਿ ਹਾਈ ਹੀਲ ਵਾਲ਼ੀ ਪਰਾਡਾ ( Prada ) ਦੀ ਜੁੱਤੀ ਨੂੰ ਖੁਰੀਆਂ ਨਹੀਂ ਲੱਗਦੀਆਂ ਹੁੰਦੀਆਂ...।” ਤੇ ਲੇਲੜੀਆਂ ਜਿਹੀਆਂ ਕੱਢਦਾ ਫੇਰ ਆਖੀ ਜਾਵੇ... “ ਲਓ! ਤੁਸੀਂ ਤੇ ਗੁੱਸਾ ਕਰ 'ਗੇ, ਮੈਂ ਤਾਂ ਅਰਜ਼ ਹੀ ਕੀਤਾ ਸੀ । ਚੱਲ ਜਾਂਦੀ-ਜਾਂਦੀ ਹੁਣ ਇੱਕ ਮੇਖ ਤਾਂ ਲਵਾ ਲੈ....ਗ਼ਰੀਬ ਦੀ ਬੋਹਣੀ ਦਾ ਟੈਮ ਆ...।”
-----
ਇਹਦੇ ਵਰਗੇ ਗੂੜ੍ਹੇ ਸਿਆਲ਼ ‘ਚ ਨਿੱਘੀ-ਨਿੱਘੀ ਧੁੱਪੇ ਚੌਂਕ ‘ਚ ਬੈਠੇ ਨਾਲ਼ੇ ਬੀੜੀ ਪੀ ਰਹੇ ਹੁੰਦੇ ਨੇ, ਨਾਲ਼ੇ ਕਿਸੇ ਸੱਜਰ ਸੂਈ ਪਹਿਲਣ ਝੋਟੀ ‘ਤੇ ਕਸਾਈਆਂ ਵਾਲ਼ੀ ਨਜ਼ਰ ਮਾਰ ਕੇ, ਕਿਆਫ਼ੇ ਲਾਈ ਜਾਂਦੇ ਹੁੰਦੇ ਨੇ…. “ ਪਤਲੇ ਪਿੰਡੇ ਦੀ ਆ। ਧਰਮ ਨਾਲ਼ ਇਹਦੇ ਚੰਮ ਦੀ ਕਾਲ਼ੀ ਜੈਕਟ ਬਣਾ ਕੇ ਜੀਅ ਕਰਦੈ ਕਿ ਕਿਤੇ ਅਰੂਸਾ ਆਲਮ ਨੂੰ ਹੀ ਭੇਂਟ ਕਰ ਦੇਵਾਂ….।” ਭਲਾ ਇਹਨੂੰ ਕੋਈ ਪੁੱਛਣ ਵਾਲ਼ਾ ਹੋਵੇ ਬਈ ਭਲਿਆ ਮਾਣਸਾ! ਅਰੂਸਾ ਨੇ ਮੱਝ ਦੇ ਚਮੜੇ ਦੀਆਂ ਹੀ ਜੈਕਟਾਂ ਪਾਉਣੀਆਂ ਨੇ ?? ਕੈਪਟਨ ਹੋਣੀ ਤਾਂ ਉਹਦੀ ਖ਼ਾਤਿਰ ਆਵਦੀ ਖੱਲ ਲੁਹਾਉਣ ਨੂੰ ਤਿਆਰ ਹੋਏ ਬੈਠੇ ਨੇ । ਤੇਰੇ ਵਾਂਗੂੰ ਆਪਣੀ ਖੱਲ ਨਹੀਂ ਬਚਾਉਂਦੇ ਫਿਰਦੇ। ਇਹ ਤਾਂ ਸਬਜ਼ਬਾਗ਼ ਦੇਖਦਾ, ਦਿਲ ‘ਚ ਹੀ ਲੱਡੂ ਭੋਰਦਾ ਰਹਿੰਦੈ ਕਿ ‘ਕਿਸ ਕੋ ਕਿਸ ਕਰੂੰ…ਕਿਸ ਕਿਸ ਕੋ ਮਿਸ ਕਰੂੰ ??'
-----
ਲੈ ਕਰ ਲਓ ਗੱਲ ! ਠਰਕੀ ਪੱਤਰਕਾਰਾਂ ਦਾ ਮੈਨੇਜਰ... ਕੈਨੇਡਾ ਆ ਕੇ ਇਹ ਪੱਤਰਕਾਰ ਇੱਕ ਕਾਨਫਰੰਸ ਦੀ ਸੰਚਾਲਕਾ ਤੇ ਹੀ ਲੋਟੂ ਗਿਆ ਸੀ। ਉਸ ਪ੍ਰਤੀ ਦਿਲ ਦੀਆਂ ਗਹਿਰਾਈਆਂ ‘ਚੋਂ ਇੱਕ ਲੇਖ ਵੀ ਲਿਖ ਧਰ ਮਾਰਿਆ। ਯਾਰੋ! ਕਮਲਿਓ! ਇਸ਼ਕ ਕਿਤੇ ਹਾਣ-ਪ੍ਰਵਾਣ ਦੇਖਦੈ ??
------
ਉਂਝ ਹਰ ਕਿੱਤੇ ‘ਚ ਹੀ ਠਰਕੀ ਲੋਕ ਬੈਠੇ ਨੇ, ਦੁਪਹਿਰੇ ਰੇਡੀਓ ਲਗਾ ਲਓ, ਰੇਡੀਓ ਹੋਸਟ ਭਾਜੀਆਂ ਤਰਕਾਰੀਆਂ, ਕਰਾਰੀਆਂ, ਖੱਟੀਆਂ-ਮਿੱਠੀਆਂ ਚਟਨੀਆਂ ਬਣਾ ਕੇ ਹੀ ਠਰਕ ਭੋਰੀ ਜਾਂਦੀ ਹੁੰਦੀ ਹੈ…ਤੇ ਅਗਲੇ ਦਿਨ ਪ੍ਰੋਗਰਾਮ ‘ਚ ਸਰੋਤੇ ਆ ਕੇ ਏਅਰ ਤੇ ਆਖਦੇ ਹੁੰਦੇ ਆ ਕਿ ਕਮਾਲ ਦੀ ਰੈਸਪੀ ਦਿੱਤੀ ਸੀ ਜੀ ਤੁਸਾਂ…ਚਟਨੀ ਬੜੀ ਕਰਾਰੀ ਬਣੀ…ਮੂੰਹੋਂ ਨਹੀਂ ਸੀ ਲਹਿੰਦੀ …ਅਸੀਂ ਤਾਂ ਕੂੰਡੀ-ਘੋਟਣਾ ਵੀ ਜੀਭ ਨਾਲ਼ ਚੱਟ ਕੇ ਸਾਫ਼ ਕਰ ‘ਤਾ। ਅੱਗੋਂ ਹੋਸਟ ਦੰਦ ਕੱਢਦੀ ਆਖੇਗੀ.. ‘ ਸ਼ੁਕਰੀਆ ਜੀ! ਤੁਹਾਡਾ , ਸਾਡੀ ਰੈਸਪੀ ਪਸੰਦ ਕਰਨ ਲਈ । ਜਿਹੜੇ ਮਿਸਟਰ ਨੇ ਚਟਨੀ ਦੀ ਰੈਸਪੀ ਦਿੱਤੀ ਸੀ ਉਹਨਾਂ ਨੂੰ ਅਰਜ਼ ਕਰਦੀ ਹਾਂ ਕਿ ਅੱਜ ਵੀ ਕਾਲ ਕਰਨ ਤੇ ਕਿਸੇ ਨਵੀਂ ਚਟਨੀ ਦੀ ਰੈਸਪੀ ਸਾਂਝੀ ਕਰਨ।’
ਵੰਨ-ਸੁਵੰਨੀਆਂ ਚਟਣੀਆਂ ਚੱਖਣਾ ਵੀ ਇਕ ਠਰਕ ਭੋਰਨਾ ਹੀ ਹੈ ਜਾਂ ਕੁਝ ਹੋਰ ??? ਭਾਂਤ-ਭਾਂਤ ਦੀਆਂ ਕਾਲਾਂ ਕਰਨ ਵਾਲ਼ੇ 'ਤੇ ਸਰੋਤੇ ਵੀ ਲਾਲ਼੍ਹਾਂ ਸੁੱਟ ਕੇ ਠਰਕ ਹੀ ਭੋਰਦੇ ਹੋਣਗੇ..., ਚਾਹੇ ਹੋਸਟ ਕੁੜੀ ਪੱਚੀਆਂ ਵਰ੍ਹਿਆਂ ਦੀ ਹੋਵੇ ਤੇ ਸਰੋਤੇ ਸੱਤਰ ਸਾਲਾਂ ਦੇ । ਠਰਕ ਤਾਂ ਉਹ ਵੀ ਭੋਰਦੇ ਹੁੰਦੇ ਆ।
-----
ਜ਼ਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫ਼ੇ ਪਾਉਂਦੀ ਹਰ ਥਾਂ ਟੰਗ ਅੜਾਉਂਦੀ ਫਿਰਦੀ ਹੈ। ਇਹ ਠਰਕੀ ਪੱਤਰਕਾਰ ਪੰਜਾਬੀ ਆਰਸੀ ਬਲੌਗ ਨੂੰ ਭਾਪਾ ਪ੍ਰੀਤਮ ਸਿੰਘ ਜੀ ਦੇ ਰਸਾਲੇ ਦੀ ਨਕਲ ਤੇ ਰੱਖਿਆਂ ਨਾਂ ਦੱਸ ਰਿਹੈ, ਇਸ ਨੂੰ ਕੋਈ ਪੁੱਛੇ ਕਿ ਜਿਸ ਅਖ਼ਬਾਰ ‘ਚ ਇਹ ਜ਼ਮੀਰ ਵੇਚ ਕੇ ਲਿਖਦੈ – ਕੀ ੳਸ ਅਖ਼ਬਾਰ ਦਾ ਨਾਮ ਵੀ ਪੰਜਾਬ ਦੇ ਸਿਰਕੱਢ ਅਖ਼ਬਾਰ ਦੀ ਤਰਜ਼ ਤੇ ਨਹੀਂ ਰੱਖਿਆ ਹੋਇਆ ???
ਇਹ ਗੱਲ ਤਾਂ ਇਹਨੂੰ ਸ਼ਾਇਦ ਨਾ ਸੁੱਝੀ ਹੋਵੇ। ਸੁੱਝੀ ਵੀ ਹੋਵੇ ਤਾਂ, ਅਸੀਂ ਕਿਹੜਾ ਮੰਨਣ ਵਾਲ਼ਿਆਂ ‘ਚੋਂ ਹਾਂ… ਅਸੀਂ ਤਾ ਬੱਸ ਜਿੱਥੇ ਅੜ ਸਕੇ, ਖਾਹਮਖਾਹ ਟੰਗ ਅੜਾਉਣੀ ਹੀ ਹੁੰਦੀ ਹੈ ॥
-----
ਇੱਕ ਹੋਰ ਗੱਲ ਕਿ ਜਿਹੜੀ ਸਾਈਟ ਤੇ ਇਹਦੀ ਰਚਨਾ ਹੈ ਜਾਂ ਇੰਟਰਵਿਊ ਹੈ….ਉਹ ਦੇਖਣ ਦੀ ਸਲਾਹ ਦੇ ਰਿਹਾ ਹੈ ! ਤੁਸੀਂ ਆਪ ਨਿਰਣਾ ਕਰੋ ਕਿ ਇਹ ਬਲੌਗਾਂ ਅੰਦਰ ਫੁੱਟ ਪਾਉਣਾ ਨ੍ਹੀਂ ਤਾਂ ਹੋਰ ਕੀ ਹੈ ? ਇਹ ਜਿਹੜੀ ਸਿਆਸਤ ਅਖ਼ਬਾਰਾਂ ‘ਚ ਚਲਾਉਂਦਾ ਰਿਹੈ, ਓਹੀ ਘਟੀਆ ਕੰਮ ਬਲੌਗਾਂ ਤੇ ਵੀ ਕਰਨਾ ਚਾਹੁੰਦੈ???
-----
ਪਤੰਦਰ ਨੇ ਆਪਣੇ ਲੇਖ ਵਿੱਚ ਜੇਕਰ ਅਖੀਰ 'ਆਰਸੀ' ਖ਼ਿਲਾਫ਼ ਜਹਿਰ ਉਗਲਣੀ ਸੀ ਤਾਂ ਐਨੀ ਵੱਡੀ ਭੂਮਿਕਾ ਬੰਨ੍ਹ ਕੇ ਕਿਉਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਕਰਨਾ ਸੀ ? ਇਹ ਮਰਦਾਨਗੀ ਦੇ ਲੱਛਣ ਨਹੀਂ ਲੱਗਦੇ ! ਰੱਬ ਜਾਣੇ...ਐਹੋ ਜਿਹੇ ਕਿੰਨੇ ਹੀਜੜਿਆਂ ਦੇ 'ਅੰਡਰਵੀਅਰ ਗਾਰਮੈਂਟਸ ਦੇ ਵਪਾਰੀ' ਅੱਜਕਲ ਅੰਡਰਟੇਕਰ, ਗ੍ਰੇਟ ਖਲੀ ਅਤੇ ਜੌਹਨ ਸੀਨਾ ਦੇ ਜਾਂਘੀਏ ਬਣਾਉਣ ਦਾ ਭਰਮ ਪਾਲੀ ਬੈਠੇ ਨੇ !
------
ਜੋ ਆਰਸੀ ਬਲ਼ੌਗ ਖ਼ਿਲਾਫ਼ ਊਲ-ਜਲੂਲ , ਇਸਨੇ ਉਸ ਅਖ਼ਬਾਰ ਦੇ ਕਾਲਮ ਵਿਚ ਲਿਖਿਆ ਹੈ, ਇਸਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸੇ ਅਖ਼ਬਾਰ ਦੇ ਮਾਣਯੋਗ ਸਟਾਫ਼ ਵੱਲੋਂ ਪੰਜਾਬੀ ਆਰਸੀ ਦੀ ਸੰਚਾਲਕਾ ਨੂੰ ਕਾਨਫਰੰਸ ਵੇਲੇ ਸਹਿਯੋਗ ਦੇਣ ਲਈ ਡਾਕ ਰਾਹੀਂ ਇੱਕ ਸਰਟੀਫਿਕੇਟ ਭੇਜ ਕੇ ਮਾਣ/ਸਤਿਕਾਰ ਬਖ਼ਸ਼ਿਆ ਗਿਆ ਹੈ। ਸੋ ਦਕੀਆ-ਨੂਸੀ ਪੀਲ਼ੀ ਪੱਤਰਕਾਰੀ ਦੇ ਨਾਂ ਥੱਲੇ ਠਰਕ ਭੋਰਨ ਵਾਲ਼ੇ ਸੱਜਣਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ ਨਾ ਕਿ ਮਨ ਦੀ ਭੜਾਸ ਕੱਢਣ ਲਈ ਜੋ ਦਿਲ ਵਿਚ ਆਇਆ ਲਿਖ ਕੇ ਫੋਕੀ ਸ਼ੋਹਰਤ ਖੱਟਣ ਲਈ ਦਿਲ ਲੁਭਾਉਣੇ ਪਰ ਸਮਾਜ ਨੂੰ ਅਸੇਧਤ, ਦਿਸ਼ਾਹੀਣ ਕਰਨ ਵਾਲ਼ੇ ਯੱਕੜ ਮਾਰਨੇ ਚਾਹੀਦੇ ਹਨ।
-----
ਵਿਦੇਸ਼ਾਂ ਵਿਚ ਆ ਕੇ ਚਾਰ ਕੁ ਜਾਣਿਆਂ ਨੂੰ ਨਾਲ਼ ਰਲ਼ਾ ਕੇ ਆਪਣਾ ਸਨਮਾਨ ਆਪ ਹੀ ਕਰਵਾ ਕੇ, ਫਿਰ ਆਪ ਹੀ ਉਸ ਬਾਰੇ ਲੇਖ ਲਿਖ ਕੇ ਤੁਸੀਂ ਗੁਲਜ਼ਾਰ ਸਿੰਘ ਸੰਧੂ, ਹਰਭਜਨ ਹਲਵਾਰਵੀ, ਡਾ: ਸਾਧੂ ਸਿੰਘ ਹਮਦਰਦ, ਜਤਿੰਦਰ ਪਨੂੰ, ਡਾ: ਹਰਜਿੰਦਰ ਵਾਲੀਆ, ਗੁਰਬਚਨ ਭੁੱਲਰ, ਸਿੱਧੂ ਦਮਦਮੀ, ਬਲਬੀਰ ਪਰਵਾਨਾ, ਖ਼ੁਸ਼ਵੰਤ ਸਿੰਘ, ਨਿਰੂਪਮਾ ਦੱਤ ਅਤੇ ਸ਼ਾਮ ਸਿੰਘ (ਅੰਗ-ਸੰਗ) ਵਰਗੇ ਮਾਣਯੋਗ ਲੇਖਕ/ਪੱਤਰਕਾਰਾਂ ਦਾ ਸਥਾਨ ਤਾਂ ਨਹੀਂ ਲੈ ਸਕਦੇ ???? ਜੇਕਰ ਇਹ ਇਤਨੇ ਹੀ ਸੱਚ ਦੇ ਧਾਰਨੀ ਹਨ ਤਾਂ ਚਲੰਤ ਮਾਮਲਿਆਂ ਵੇਲ਼ੇ ਵੀ ਕੁਝ ਅਰਜ਼ ਕਰਨਾ ਚਾਹੀਦਾ ਹੁੰਦਾ ਹੈ ਜਦੋਂ ਉਸ ਵੇਲ਼ੇ ਇਹਦੀ ਜ਼ਮੀਰ ਘੋੜੇ ਵੇਚ ਕੇ ਸੁੱਤੀ ਹੁੰਦੀ ਹੈ ?? ਕਾਲਮਨਵੀਸ ਦਾ ਫ਼ਰਜ਼ ਨਿਭਾਉਦਿਆਂ ਆਪਣੇ ਕਿਸੇ ਕਾਲਮ ‘ਚ ਮਾੜਾ-ਮੋਟਾ ਅਰਜ਼ ਹੀ ਕਰ ਦੇਣਾ ਦਾਹੀਦੈ…ਪਰ ਨਹੀਂ। ਪਰ ਜਨਾਬ ਕਰੇ ਕਿਵੇਂ ?? ਤੋਰੀ ਫੁਲਕੇ ਅਤੇ ਵਿਦੇਸ਼ੀ ਟਰਿੱਪਾਂ ਦਾ ਵੀ ਸਵਾਲ ਹੈ !
ਹੁਣ ਪਾਠਕਾਂ ਨੂੰ ਹੀ ਆਪਣਾ ਫ਼ਰਜ਼ ਪਹਿਚਾਣ ਕੇ ਝੋਲੀ ਚੁੱਕ ਅਖੌਤੀ ਪੱਤਰਕਾਰਾਂ ਦਾ ਅਸਲੀ ਚਿਹਰਾ ਨੰਗਾ ਕਰ ਕੇ ਇਨ੍ਹਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਕਿ ਗੁਰਬਤ ਮਾਰੀ ਪੱਤਰਕਾਰੀ ਨੂੰ ਸ਼ਾਹੀ ਘਰਾਣਿਆਂ ਦੇ ਪਿੱਠੂ ਪੱਤਰਕਾਰਾਂ ਦੇ ਪਰਛਾਵਿਆਂ ਤੋਂ ਬਚਾ ਕੇ ਅਮੀਰ ਵਿਰਸੇ ਦਾ ਹਾਣੀ ਬਣਾ ਸਕੀਏ।
ਆਮੀਨ !
ਕੰਧ 'ਤੇ ਲਿਖੇ ਸੱਚ ਵਰਗਾ,
ਆਪਦਾ;
ਗੁਰਮੇਲ ਬਦੇਸ਼ਾ !
********
ਦੋਸਤੋ! ਗੁਰਮੇਲ ਬਦੇਸ਼ਾ ਜੀ ਦਾ ਪ੍ਰਤੀਕਰਮ ਤਾਂ ਤੁਸੀਂ ਪੜ੍ਹ ਲਿਆ ਹੈ, ਹੁਣ ਜ਼ਰਾ ਉਹ ਲੇਖ ਵੀ ਜ਼ਰੂਰ ਪੜ੍ਹੋ, ਜਿਸ ਕਰਕੇ ਇਹ ਲੇਖ ਲਿਖ ਕੇ ਸਭ ਨਾਲ਼ ਸਾਂਝਾ ਕਰਨ ਲਈ ਭੇਜਿਆ ਗਿਆ। ਤੁਹਾਡੇ ਵਿਚਾਰਾਂ ਦੀ ਉਡੀਕ ‘ਚ...
ਸਮੂਹ ਆਰਸੀ ਪਰਿਵਾਰ
(ਟਰਾਂਟੋ ਕੈਨੇਡਾ ਤੋਂ ਛਪਦੇ ਅਜੀਤ ਵੀਕਲੀ ਦੇ ਨਵੰਬਰ 19- 25, 2009 ਦੇ ਅੰਕ ‘ਚ ਪ੍ਰਕਾਸ਼ਿਤ ਹੋਇਆ)
ਪੱਤਰਕਾਰੀ ਨਾਲ ਠਰਕ ਭੋਰਨ ਦੇ ਯਤਨ
ਲੇਖ
ਪੱਤਰਕਾਰ: - ਬਖ਼ਸ਼ਿੰਦਰ
ਪੱਤਰਕਾਰੀ ਸਿਖਾਉਣ ਲਈ ਪੜ੍ਹਾਈਆਂ ਜਾਂਦੀਆਂ ਕਈ ਕਿਤਾਬਾਂ ਦਾ ਆਰੰਭ 'ਸੋ ਯੂ ਵਾਂਟ ਟੂ ਬੀ ਅ ਜਰਨਲਿਸਟ' (ਤਾਂ ਤੂੰ ਪੱਤਰਕਾਰ ਬਣਨਾ ਚਾਹੁੰਦੈਂ) ਵਰਗੇ ਜੁਮਲੇ ਨਾਲ ਹੁੰਦਾ ਹੈ, ਪਰ ਪੱਤਰਕਾਰੀ ਦੀ ਕਿਸੇ ਵੀ ਕਿਤਾਬ ਵਿਚ ਉਸ ਦੇ ਪਾਠਕ ਨੂੰ 'ਸੋ ਯੂ ਵਾਂਟ ਟੂ ਬੀ ਐਨ ਐਡੀਟਰ' (ਤਾਂ ਤੂੰ ਸੰਪਾਦਕ ਬਣਨਾ ਚਾਹੁੰਦੈਂ) ਨਹੀਂ ਕਿਹਾ ਗਿਆ। ਪਹਿਲੀ ਨਜ਼ਰੇ ਇਨ੍ਹਾਂ ਦੋਹਾਂ ਜੁਮਲਿਆਂ ਵਿਚ ਬਹੁਤਾ ਫ਼ਰਕ ਨਹੀਂ ਦਿਸਦਾ, ਪਰ ਹਕੀਕਤ ਵਿਚ ਇਨ੍ਹਾਂ ਦੋਹਾਂ ਫ਼ਿਕਰਿਆਂ ਵਿਚ ਉਨਾ ਫ਼ਰਕ ਜ਼ਰੂਰ ਹੈ, ਜਿੰਨਾ ਕਿਸੇ ਪੱਤਰਕਾਰ ਤੇ ਸੰਪਾਦਕ ਵਿਚਾਲੇ ਹੁੰਦਾ ਹੈ। ਪੰਜਾਬੀ ਪੱਤਰਕਾਰੀ ਵਿਚ ਤਾਂ ਇਹ ਫ਼ਰਕ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ-ਅੱਧੇ ਪੰਜਾਬੀ ਅਖ਼ਬਾਰ ਨੂੰ ਛੱਡ ਕੇ ਬਾਕੀ ਸਾਰੇ ਅਖ਼ਬਾਰਾਂ ਦੇ ਸੰਪਾਦਕ ਯਾਨੀ ਐਡੀਟਰ ਉਨ੍ਹਾਂ ਦੇ ਮਾਲਕ ਹੀ ਹਨ। ਯਾਨੀ ਬਹੁਤੇ ਪੰਜਾਬੀ ਅਖ਼ਬਾਰਾਂ ਦੇ ਮਾਲਕ ਹੀ ਉਨ੍ਹਾਂ ਦੇ ਐਡੀਟਰ ਹਨ। ਭਾਵੇਂ ਕੰਮ ਦੇ ਹਿਸਾਬ ਨਾਲ ਕਿਸੇ ਸੰਪਾਦਕ ਜਾਂ ਕਿਸੇ ਪੱਤਰਕਾਰ ਦੇ ਕੰਮ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ, ਪਰ ਸੰਪਾਦਕ ਦੇ ਮਾਲਕ ਹੋਣ ਕਾਰਨ ਇਨ੍ਹਾਂ ਦੋਹਾਂ ਦਾ ਕੰਮ ਤੇ ਰੁਤਬਾ ਬਹੁਤ ਜ਼ਿਆਦਾ ਵੱਖਰੇ-ਵੱਖਰੇ ਹੁੰਦੇ ਹਨ।
------
ਅਸਲ ਵਿਚ ਕਈ ਮਾਲਕਾਂ/ਸੰਪਾਦਕਾਂ ਦੀ ਯੋਗਤਾ, ਪੱਤਰਕਾਰੀ ਦੇ ਹੁਨਰ ਦੇ ਆਧਾਰ 'ਤੇ ਨਹੀਂ, ਸਗੋਂ ਉਨ੍ਹਾਂ ਦੇ ਗੱਲੇ ਦੇ ਆਕਾਰ ਦੇ ਆਧਾਰ 'ਤੇ ਮੰਨੀ-ਮਿੱਥੀ ਜਾਂਦੀ ਹੈ। ਇਨ੍ਹਾਂ ਸੰਪਾਦਕਾਂ ਵੱਲੋਂ 'ਲਿਖੇ ਹੋਏ' ਸੰਪਾਦਕੀ ਲੇਖਾਂ ਬਾਰੇ ਚਰਚੇ ਹੁੰਦੇ ਹਨ ਜਦੋਂ ਕਿ ਅਸਲ ਵਿਚ ਇਹ ਲੇਖ ਲਿਖਣ ਵਾਲੇ ਹਮਾਤੜ ਹੋਰ ਹੁੰਦੇ ਹਨ, ਸ਼ਰਾਬ ਦੇ ਕਿਸੇ ਸਸਤੇ 'ਹਾਤੇ ਵਿਚ ਬੈਠ ਕੇ ਆਪਣੇ ਮੁਕੱਦਰ ਨੂੰ ਕੋਸਦੇ ਰਹਿ ਜਾਂਦੇ ਹਨ। ਜੇ ਇਹ ਕਿਹਾ ਜਾਵੇ ਕਿ ਪੰਜਾਬੀ ਪੱਤਰਕਾਰਾਂ ਤੇ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਵਿਚਾਲੇ ਜ਼ਮੀਨ-ਆਸਮਾਨ ਜਿੰਨਾ ਫ਼ਰਕ ਹੁੰਦਾ ਹੈ ਤਾਂ ਇਹ ਕੋਈ ਓਪਰੀ ਜਾਂ ਵਧਾਈ-ਚੜ੍ਹਾਈ ਗੱਲ ਨਹੀਂ ਹੋਵੇਗੀ।
-----
ਪੱਤਰਕਾਰਾਂ ਨੂੰ ਆਮ ਆਦਮੀਆਂ ਨਾਲੋਂ ਰਤਾ ਕੁ ਉੱਪਰਲੇ ਮੰਨਿਆ ਜਾਂਦਾ ਹੋਣ ਕਾਰਨ ਤਕਰੀਬਨ ਹਰ ਆਦਮੀ ਦੇ ਮਨ ਵਿਚ ਇਹ ਗੱਲ ਕਿਸੇ ਹੱਦ ਤੱਕ ਘਰ ਜਿਹਾ ਕਰ ਗਈ ਹੈ ਕਿ ਜੇ ਕਿਸੇ ਤਰ੍ਹਾਂ, ਕਿਸੇ ਅਖ਼ਬਾਰ ਦੀ ਪੱਤਰਕਾਰੀ ਦਾ ਕਾਰਡ ਹਾਸਲ ਕਰ ਲਿਆ ਜਾਵੇ ਤਾਂ ਸਰਕਾਰੇ-ਦਰਬਾਰੇ ਪੌਂ ਬਾਰਾਂ ਹੋਣ ਵਿਚ ਦੇਰ ਨਹੀਂ ਲੱਗੇਗੀ। ਜੇ ਪੌਂ ਦੋ-ਚਾਰ ਘੱਟ ਰਹਿ ਗਏ ਤਾਂ ਵੀ ਕੋਈ ਗੱਲ ਨਹੀਂ, ਪੱਤਰਕਾਰੀ ਦੇ ਕਾਰਡ ਦੇ ਸਿਰ 'ਤੇ ਸਕੂਟਰ ਜਾਂ ਕਾਰ ਉੱਤੇ 'ਪ੍ਰੈੱਸ' ਲਿਖਾ ਕੇ ਗੱਡੀ ਹਰ ਨਾਕਾ ਛੂੰ ਕਰ ਕੇ ਪਾਰ ਕਰੂ।
----
ਚਾਰੇ ਸਿਰੇ ਪੱਤਰਕਾਰੀ ਨੂੰ ਹੱਥ ਨਾ ਪੈਣ 'ਤੇ ਇਹੋ ਜਿਹੇ ਲੋਕਾਂ ਨੇ ਇਸ ਨਾਲ ਠਰਕ ਭੋਰਨ ਦਾ ਇੱਕ ਨਵਾਂ ਢੰਗ ਈਜਾਦਿਆ ਹੈ। ਕੰਪਿਊਟਰ ਤੇ ਇਟਰਨੈੱਟ ਨਾਲ ਵਰਤੇ ਜਾਂਦੇ ਇਸ ਢੰਗ ਨੂੰ 'ਬਲੌਗ' ਜਾਂ 'ਬਲਾਗ' ਕਿਹਾ ਜਾਂਦਾ ਹੈ। ਇਹ 'ਬੇਲਾਗ' ਵੀ ਹੈ ਜਾਂ ਨਹੀਂ, ਇਹ ਜਾਨਣ ਤੋਂ ਪਹਿਲਾਂ ਇਹ ਜਾਨਣਾ ਬਣਦਾ ਹੈ ਕਿ ਇਹ ਸ਼ੈਅ ਕੀ ਹੈ। ਓਦਾਂ ਇਸ ਤੋਂ ਵੀ ਪਹਿਲਾਂ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਵੇਲ਼ੇ ਭਾਰਤ ਵਿਚ ਦਸ ਲੱਖ ਤੋਂ ਵੱਧ ਲੋਕ 'ਬਲੌਗਾਂ ਵਾਲੇ' ਹਨ। ਬਾਕੀ ਮੁਲਕਾਂ ਵਿਚ ਵੀ 'ਬਲ਼ੌਗਬਾਨਾਂ' ਦਾ ਕੋਈ ਘਾਟਾ ਨਹੀਂ ਹੈ। ਇਸ ਲਈ, ਜਿਸ ਚੀਜ਼ ਨਾਲ ਲੱਖਾਂ ਲੋਕਾਂ ਦਾ ਵਾਹ ਹੋਵੇ ਤੇ ਜਿਸ ਬਾਰੇ ਅਜੇ ਲੱਖਾਂ ਲੋਕਾਂ ਨੂੰ ਇਲਮ ਹੀ ਨਾ ਹੋਵੇ, ਉਸ ਬਾਰੇ ਤਾਂ ਲਿਖਣਾ-ਲਿਖਾਉਣਾ ਚਾਹੀਦਾ ਹੀ ਹੈ। 'ਐੱਮ ਐੱਸ ਐੱਨ ਪੋਰਟਲ ਤੇ ਵਿੰਡੋਜ਼ ਲਾਈਵ' ਵੱਲੋਂ ਭਾਰਤ ਵਿਚ 'ਬਲੌਗਬਾਨਾਂ' ਬਾਰੇ ਇੱਕ ਸਰਵੇਖਣ ਕਰਾਉਣ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿਚ 'ਬਲੌਗਿੰਗ' ਕਰਨ ਵਾਲੇ ਬਹੁਤੇ ਮਰਦ ਹੀ ਹਨ।
-----
'ਬਲੌਗ' ਕੀ ਬਲਾ ਹੈ? 'ਬਲੌਗ' ਅਸਲ ਵਿਚ 'ਵੈੱਬਲੌਗ' ਦਾ ਛੋਟਾ ਜਾਂ ਸੰਖੇਪ ਰੂਪ ਹੀ ਹੈ। ਇਸ ਵਿਚ ਸ਼ਬਦ, ਅਕਸ (ਤਸਵੀਰਾਂ), ਮੀਡੀਆ ਆਬਜੈਕਟਸ ਅਤੇ ਡੈਟਾ ਹੋ ਸਕਦੇ ਹਨ। ਇਹ ਸਭ ਕੁੱਝ ਇੱਕ ਖ਼ਾਸ ਤਰਤੀਬ ਵਿਚ ਟਿਕਾਇਆ ਜਾਂਦਾ ਹੈ, ਜਿਸ ਵਿਚ ਪਹਿਲਾਂ ਪੇਸ਼ ਕੀਤੀ ਹੋਈ ਲਿਖਤ ਜਾਂ ਪੇਸ਼ਕਾਰੀ ਪੁਰਾਣੀ ਹੋ ਜਾਂਦੀ ਹੈ ਤੇ ਉਸ ਦੀ ਥਾਂ ਨਵੀਂ ਲਿਖਤ ਵੱਲੋਂ ਲੈ ਲਈ ਜਾਣ 'ਤੇ ਵੀ ਪਹਿਲੀ ਲਿਖਤ ਤੇ ਪੇਸ਼ਕਾਰੀ ਬਰਕਰਾਰ ਰਹਿੰਦੀ ਹੈ, ਪਰ ਉਸ ਦਾ ਸਥਾਨ ਹੇਠਾਂ ਹੋ ਜਾਂਦਾ ਹੈ। ਹਰ ਪੇਸ਼ਕਾਰੀ ਨਾਲ ਆਪਣੇ-ਆਪ ਹੀ, ਪੇਸ਼ਕਾਰੀ ਦੀ ਤਾਰੀਖ਼ ਤੇ ਸਮਾਂ ਦਰਜ ਹੋ ਜਾਂਦਾ ਹੈ। ਇਹ ਪੇਸ਼ਕਾਰੀ, ਇੰਟਰਨੈੱਟ 'ਤੇ ਇੱਕ ਖ਼ਾਸ ਸਿਰਨਾਵੇਂ ਨਾਲ ਖੋਲ੍ਹੇ ਜਾਣ ਵਾਲੇ 'ਪੰਨੇ' ਉੱਤੇ 'ਛਪ' ਜਾਂਦੀ ਹੈ। ਇਹ ਪੰਨਾ ਇਸ ਦਾ ਸਿਰਨਾਵਾਂ ਜਾਨਣ ਵਾਲਾ ਵਿਅਕਤੀ ਹੀ ਖੋਲ੍ਹ ਸਕਦਾ ਹੈ।
------
ਦੂਜੇ ਸ਼ਬਦਾਂ ਵਿਚ 'ਬਲੌਗ' ਤੁਹਾਡੀ ਉਹ ਡਾਇਰੀ ਹੁੰਦਾ ਹੈ, ਜੋ ਤੁਹਾਡੀ ਇਜਾਜ਼ਤ ਨਾਲ ਸਾਰਾ ਜਹਾਨ ਪੜ੍ਹ ਸਕਦਾ ਹੈ। ਬਲੌਗ ਤੁਹਾਨੂੰ ਪੱਤਰਕਾਰੀ ਦੇ ਉਸ ਪੁਰਾਤਨ ਦੌਰ ਦਾ ਚੇਤਾ ਕਰਾਉਂਦਾ ਹੈ, ਜਦੋਂ ਕੋਈ ਗੱਲ ਨਸ਼ਰ ਕਰਨ ਲਈ ਕਿਸੇ ਕੰਧ ਉੱਤੇ ਲਿਖ ਦਿੱਤੀ ਜਾਂਦੀ ਸੀ। ਇਹੋ ਹੀ 'ਕੰਧ ਪੱਤ੍ਰਿਕਾ' ਦਾ ਮੁਢਲਾ ਰੂਪ ਸੀ। ਕੰਧ ਉੱਤੇ ਲਿਖੀ ਹੋਈ ਉਹ ਇਬਾਰਤ ਕੋਈ ਪੜ੍ਹਦਾ/ਦੇਖਦਾ ਵੀ ਹੈ ਜਾਂ ਨਹੀਂ, ਇਹ ਇੱਕ ਵੱਖਰੀ ਗੱਲ ਹੈ। ਬਲੌਗ ਕੰਧ ਉੱਤੇ ਨਹੀਂ ਇੰਟਰਨੈੱਟ ਉੱਤੇ ਦਰਜ ਕੀਤੇ ਜਾਂਦੇ ਹਨ ਤੇ 'ਨੈੱਟ' ਉੱਤੇ ਬਲੌਗ ਬਣਾਉਣ ਲਈ ਕੋਈ ਫ਼ੀਸ ਜਾਂ ਚੰਦਾ ਨਹੀਂ ਦੇਣਾ ਪੈਂਦਾ।
-----
ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਬਲੌਗ ਦੀ ਕਾਢ, ਅਖ਼ਬਾਰਾਂ ਜਾਂ ਉਨ੍ਹਾਂ ਦੇ ਸੰਪਾਦਕਾਂ ਤੋਂ ਨਰਾਜ਼ ਹੋਏ ਲੇਖਕਾਂ ਜਾਂ ਪੱਤਰਕਾਰਾਂ ਵਲੋਂ ਕੱਢੀ ਗਈ ਹੈ, ਪਰ ਇਹ ਗੱਲ ਸੱਚੀ ਹੈ ਕਿ ਇਸ ਦੀ ਕਾਢ ਪਿੱਛੇ ਅਖ਼ਬਾਰਾਂ ਤੇ ਉਨ੍ਹਾਂ ਦੇ ਸੰਪਾਦਕਾਂ ਵੱਲੋਂ ਠੁਕਰਾਏ ਹੋਏ ਲੋਕਾਂ ਦੀ, ਠੁਕਰਾਏ ਜਾਣ ਦੀ ਭਾਵਨਾ ਦੀ ਭੂਮਿਕਾ ਕਾਫੀ ਅਹਿਮ ਹੈ। ਜਿੱਦਾਂ ਕਿਸੇ ਸ਼ਾਇਰ ਨੇ ਕਿਹਾ ਹੋਇਆ ਹੈ:
ਦੈਰੋ-ਕਾਬਾ ਸੇ ਨਿਕਲ ਕਰ
ਗ਼ਰ ਮਿਲਤਾ ਨਾ ਮਯਖ਼ਾਨਾ,
ਖ਼ੁਦਾ ਜਾਨੇ ਠੁਕਰਾਏ ਹੂਏ
ਇਨਸਾਂ ਕਹਾਂ ਜਾਤੇ।
ਕੁਝ ਇਹੋ ਜਿਹੀ ਵਜ੍ਹਾ ਹੋਵੇਗੀ ਬਲੌਗ ਦੀ ਕਾਢ ਕੱਢਣ ਪਿੱਛੇ ਵੀ। ਜਿਹੜੇ ਲੋਕਾਂ ਦੇ ਵਿਚਾਰ ਅਖ਼ਬਾਰਾਂ-ਪਰਚਿਆਂ ਵਿਚ ਨਹੀਂ ਛਾਪੇ ਗਏ ਹੋਣਗੇ, ਉਨ੍ਹਾਂ ਨੇ ਹੀ ਬਲੌਗ ਵਿਧੀ ਈਜਾਦਣ ਲਈ ਹੰਭਲੇ ਮਾਰੇ ਹੋਣਗੇ। ਬਲੌਗ ਦੀ ਪ੍ਰੀਭਾਸ਼ਾ ਦਾ ਕੰਮ ਨਿਬੇੜਦਿਆਂ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਚਿੱਠਾ ਜਿਹਾ ਹੀ ਹੈ, ਜੋ 'ਵੈੱਬ' ਰਾਹੀਂ ਪੜ੍ਹਿਆ ਜਾ ਸਕਦਾ ਹੈ। ਇਸ ਚਿੱਠੇ ਨੂੰ ਨਵਿਆਉਣ ਦੇ ਕੰਮ ਨੂੰ 'ਬਲੌਗਿੰਗ' ਕਿਹਾ ਜਾਂਦਾ ਹੈ ਤੇ ਇਹ ਕੰਮ ਕਰਨ ਵਾਲੇ ਨੂੰ 'ਬਲੌਗਰ' ਕਿਹਾ ਜਾ ਸਕਦਾ ਹੈ। ਕਿਸੇ ਬਲੌਗ ਉੱਤੇ ਦਰਜ ਕੀਤੀ ਜਾਣ ਵਾਲੀ ਕਿਸੇ 'ਰਚਨਾ' ਜਾਂ ਜਾਣਕਾਰੀ ਦਾ ਕੋਈ ਖ਼ਾਸ ਰੂਪ ਨਹੀਂ ਹੁੰਦਾ। ਕਿਸੇ ਬਲੌਗ ਦਾ ਵਿਸ਼ਾ ਕੁੱਝ ਵੀ ਹੋ ਸਕਦਾ ਹੈ। ਇਸ ਲਈ ਦੁਨੀਆ 'ਤੇ ਸ਼ਾਇਦ ਹੀ ਕੋਈ ਵਿਸ਼ਾ ਹੋਵੇ, ਜਿਸ ਬਾਰੇ ਕੋਈ ਬਲੌਗ ਨਾ ਹੋਵੇ। ਬਲੌਗ ਬਣਾਉਣ ਵਿਚ ਨੈੱਟ ਉੱਤੇ 'ਥਾਂ' ਦੇਣ ਵਾਲੀ ਕੰਪਨੀ ਕਿਸੇ ਬਲੌਗਰ 'ਤੇ ਕੁੱਝ ਸ਼ਰਤਾਂ ਲਾ ਸਕਦੀ ਹੈ, ਜੋ ਬਹੁਤੀਆਂ ਸਖ਼ਤ ਨਹੀਂ ਹੁੰਦੀਆਂ।
-----
ਅੰਗਰੇਜ਼ੀ ਵਿਚ ਬਲੌਗ ਕਦੋਂ ਦੇ ਬਣਦੇ ਹਨ, ਇਹ ਇਸ ਲੇਖ ਦਾ ਮੁੱਦਾ ਵੀ ਨਹੀਂ ਤੇ ਸਰੋਕਾਰ ਵੀ ਨਹੀਂ। ਹਾਂ, ਪੰਜਾਬੀ ਵਿਚ ਬਲੌਗ ਬਣਾਉਣ/ਚਲਾਉਣ ਦਾ ਸਿਲਸਿਲਾ ਤਿੰਨ ਕੁ ਸਾਲਾਂ ਤੋਂ ਹੈ। ਬਲੌਗ ਵਿਚ ਦਰਜ ਕੀਤੀ ਜਾਂਦੀ ਰਚਨਾ 'ਪੋਸਟ' ਕਹਾਉਂਦੀ ਹੈ। ਬਲੌਗਾਂ ਵਿਚ ਇਸ਼ਤਿਹਾਰਬਾਜ਼ੀ ਵੀ ਕੀਤੀ ਜਾ ਸਕਦੀ ਹੈ। ਇਸ ਕੰਮ ਦਾ ਸਭ ਤੋਂ ਵੱਧ ਦਿਲਚਸਪ ਪਹਿਲੂ ਹੈ ਕਿਸੇ ਬਲੌਗ ਵਿਚ ਦਰਜ ਜਾਣਕਾਰੀ ਬਾਰੇ ਪਾਠਕਾਂ ਵੱਲੋਂ ਟਿੱਪਣੀਆਂ ਕਰਨ ਦਾ ਪ੍ਰਬੰਧ। ਪਾਠਕਾਂ ਦੀਆਂ ਟਿੱਪਣੀਆਂ ਹੋਰ ਪਾਠਕਾਂ ਨੂੰ ਪੜ੍ਹਨ ਦੇਣੀਆਂ ਹਨ ਜਾਂ ਨਹੀਂ, ਇਹ ਬਲੌਗਰ ਦੀ ਮਰਜ਼ੀ ਹੈ। ਕਿਸੇ ਬਲੌਗ ਵਿਚ ਛਪੀ ਕਿਸੇ ਰਚਨਾ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਉਸ ਬਲੌਗ ਦੀ ਮਕਬੂਲੀਅਤ ਮਿਣੀ ਜਾ ਸਕਦੀ ਹੈ।
-----
ਬਲੌਗ ਅਤੇ ਵੈੱਬਸਾਈਟ ਵਿਚਾਲੇ ਕੀ ਫ਼ਰਕ ਹੈ? ਓਦਾਂ ਤਾਂ ਬਲੌਗ ਵੀ ਇੱਕ ਤਰ੍ਹਾਂ ਨਾਲ ਵੈੱਬਸਾਈਟ ਹੀ ਹੈ, ਪਰ ਵੈੱਬਸਾਈਟ ਵਿਚ ਸਭ ਤੋਂ ਮਗਰੋਂ ਨਸ਼ਰ ਕੀਤੀ ਰਚਨਾ ਸਭ ਤੋਂ ਉੱਪਰ ਰੱਖਣ ਦੀ ਮਜਬੂਰੀ ਨਹੀਂ ਹੁੰਦੀ। ਵੈੱਬਸਾਈਟ ਲਈ 'ਸਪੇਸ' ਦਾ ਮੁੱਲ ਤਾਰਨਾ ਪੈਂਦਾ ਹੈ ਜਦੋਂ ਕਿ ਬਲੌਗ ਲਈ 'ਸਪੇਸ' ਮੁਫ਼ਤ ਮਿਲਦੀ ਹੈ।
----
ਪੰਜਾਬੀ ਬਲੌਗਿੰਗ, ਜਿਸ ਨੂੰ ਕਿਸੇ ਹੱਦ ਤੱਕ ਪੰਜਾਬੀ ਪੱਤਰਕਾਰੀ ਦੇ ਸਮਾਨੰਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਬਾਰੇ ਵੀ ਗੱਲ ਕਰਨੀ ਬਣਦੀ ਹੈ। ਜਿੱਦਾਂ ਆਪਣੀ ਔਲਾਦ ਦਾ ਨਾਂ ਰੱਖਣਾ ਮਾਪਿਆਂ ਦਾ ਵਿਸ਼ੇਸ਼ ਹੱਕ ਹੁੰਦਾ ਹੈ, ਕਿਸੇ ਬਲੌਗਰ ਨੂੰ ਵੀ ਆਪਣੇ ਬਲੌਗ ਦਾ ਮਨਭਾਉਂਦਾ ਨਾਂ ਰੱਖਣ ਦਾ ਹੱਕ ਹੈ। ਕਿਸੇ ਬਲੌਗ ਦਾ ਨਾਂ, ਉਸ ਦੇ ਬਲੌਗਰ ਦੀ ਸਿਰਜਣਾਤਮਕਤਾ/ ਰਚਨਾਤਮਕਤਾ ਅਤੇ ਅਹਿਸਾਸ ਦਾ ਸ਼ੀਸ਼ਾ ਹੁੰਦਾ ਹੈ। ਜਿਹੜਾ ਬੰਦਾ ਜਿਹੋ ਜਿਹਾ ਸੋਚਦਾ ਹੋਵੇਗਾ, ਉਹ ਉਹੋ ਜਿਹਾ ਹੀ ਆਪਣੇ ਬਲੌਗ ਦਾ ਨਾਂ ਰੱਖੇਗਾ। ਪੰਜਾਬੀ ਵਿਚ ਬਹੁਤੇ ਬਲੌਗਾਂ ਦੇ ਨਾਂ ਛਪ ਰਹੇ ਜਾਂ ਛਪਦੇ ਰਹੇ ਅਖ਼ਬਾਰਾਂ ਜਾਂ ਪਰਚਿਆਂ ਦੇ ਨਾਵਾਂ ਦੀ ਰੀਸੇ ਰੱਖੇ ਹੋਏ ਲੱਗਦੇ ਹਨ।
-----
ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿਚੋਂ ਭਾਪਾ ਪ੍ਰੀਤਮ ਸਿੰਘ ਦੇ ਸੰਪਾਦਨ ਅਧੀਨ ਛਪਦੇ ਰਹੇ ਮਸ਼ਹੂਰ ਪੰਜਾਬੀ ਮਾਸਕ ਪਰਚੇ 'ਆਰਸੀ' ਦੀ ਰੀਸੇ ਇੱਕ ਬਲੌਗ ਚਲਾਉਂਦੀ ਬੀਬੀ ਆਪਣੇ-ਆਪ ਨੂੰ 'ਨਾਗਮਣੀ' ਦਾ ਸੰਪਾਦਨ ਕਰਦੀ ਰਹੀ ਅੰਮ੍ਰਿਤਾ ਪ੍ਰੀਤਮ ਤੋਂ ਵੀ ਵੱਡੀ ਸੰਪਾਦਕ ਸਮਝਣ ਲੱਗ ਪਈ ਹੈ। ਸਮਝੇ ਵੀ ਕਿਉਂ ਨਾ, ਲੋਕ ਉਸ ਦੇ ਬਲੌਗ ਉੱਤੇ ਆਪਣੀ ਰਚਨਾ ਛਪਣ ਦੀ ਉਡੀਕ ਇੱਕ ਲੱਤ ਭਾਰ ਹੋ ਕੇ ਕਰਦੇ ਹਨ। ਸੁਣਨ ਵਿਚ ਆਇਆ ਹੈ ਕਿ ਅੱਜ ਕੱਲ੍ਹ ਉਹ ਉਸੇ ਹੀ ਲੇਖਕ ਦੀ ਰਚਨਾ ਪਹਿਲ ਦੇ ਆਧਾਰ 'ਤੇ ਛਾਪਦੀ ਹੈ, ਜਿਹੜਾ ਰਚਨਾ ਦੇ ਨਾਲ ਉਸ ਦੀਆਂ ਸਿਫ਼ਤਾਂ ਕਰਨ ਦਾ ਅਤੇ ਉਸ ਦਾ ਅੰਨ੍ਹਾ ਸ਼ਰਧਾਲੂ ਰਹਿਣ ਦਾ 'ਬਾਂਡ' ਭਰ ਕੇ ਵੀ ਭੇਜੇ।
-----
ਇਸ 'ਸੰਪਾਦਕਾ' ਨੇ ਆਪਣੇ ਬਲੌਗ ਦੀ ਮਕਬੂਲੀਅਤ ਦੇ ਆਧਾਰ 'ਤੇ ਹਾਲ ਹੀ ਵਿਚ ਟੋਰਾਂਟੋ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਮੇਜ਼ਬਾਨਾਂ ਨਾਲ ਨਾਰਾਜ਼ ਹੋਣ 'ਤੇ ਆਪਣੇ ਬਲੌਗ ਰਾਹੀਂ 'ਤਹਿਸ-ਨਹਿਸ' ਤੇ 'ਨੇਸਤੋ-ਨਾਬੂਦ' ਕਰਨ ਦੇ ਹੀਲੇ ਵੀ ਕੀਤੇ ਸਨ। ਇਨ੍ਹਾਂ ਗੱਲਾਂ ਤੋਂ ਉਸ ਮੁਹਾਵਰੇ ਦਾ ਚੇਤਾ ਆਉਂਦਾ ਹੈ, ਜਿਸ ਵਿਚ ਪਿੱਦੀ ਦੇ ਕੱਦ-ਕਾਠ ਤੇ ਉਸ ਦੀ ਤਰੀ ਦਾ ਜ਼ਿਕਰ ਹੁੰਦਾ ਹੈ। ਪਾਠਕ ਭਰਾ ਉਸ ਮੁਹਾਵਰੇ ਦਾ ਚੇਤਾ ਕਰਾਉਣ ਤਾਂ ਉਨ੍ਹਾਂ ਦਾ ਪੇਸ਼ਗੀ ਸ਼ੁਕਰਗੁਜ਼ਾਰ ਹਾਂ।
-----
ਇਹ ਲੇਖ ਲਿਖਣ ਦਾ ਉਦੇਸ਼ ਬਲੌਗ ਵਿਧੀ ਦੇ ਦਰਸ਼ਨ ਕਰਾਉਣਾ ਹੀ ਹੈ। ਪੰਜਾਬੀ ਦੇ ਸਾਰੇ ਬਲੌਗਾਂ ਤੇ ਉਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਇਕੋ ਰੱਸੇ ਬੰਨ੍ਹਿਆ ਜਾਣਾ ਕਦੇ ਵੀ ਜਾਇਜ਼ ਨਹੀਂ ਹੋਵੇਗਾ। ਇਸ ਵਾਸਤੇ ਵਧੀਆ ਢੰਗ ਨਾਲ ਚਲਾਏ ਰਹੇ ਕੁੱਝ ਪੰਜਾਬੀ ਬਲੌਗਾਂ ਦੇ ਨਾਂ, ਇੱਥੇ ਦਰਜ ਕਰਨ ਦੀ ਤਮੰਨਾ ਹੁੰਦਿਆਂ ਵੀ ਪੂਰੀ ਨਹੀਂ ਕਰ ਸਕਦਾ। ਹਾਂ, ਬਲੌਗਿੰਗ ਰਾਹੀਂ ਪੱਤਰਕਾਰੀ ਨਾਲ ਠਰਕ ਭੋਰਨ ਵਾਲਿਆਂ ਨੂੰ ਇੱਕ ਸਲਾਹ ਹੈ ਕਿ ਉਹ 'ਲਫ਼ਜ਼ਾਂ ਦਾ ਪੁਲ' ਨਾਂ ਦਾ ਬਲੌਗ, ਜਿਸ ਦਾ ਮੇਜ਼ਬਾਨ ਦੀਪ ਜਗਦੀਪ ਪੰਜਾਬੀ ਭਾਸ਼ਾ ਨੂੰ ਇੰਟਰਨੈੱਟ 'ਤੇ ਅੰਗਰੇਜ਼ੀ ਦੇ ਬਰਾਬਰ ਖੜ੍ਹੀ ਕਰਨ ਲਈ ਦਿਨ-ਰਾਤ ਇੱਕ ਕਰੀ ਜਾ ਰਿਹਾ ਹੈ, ਹਫ਼ਤੇ ਵਿੱਚ ਇਕ ਵਾਰ ਜ਼ਰੂਰ ਦੇਖਿਆ ਕਰਨ। ਇਹ ਸਿਫਾਰਸ਼ ਨਹੀਂ, ਮੱਤ ਹੀ ਸਮਝੀ ਜਾਵੇ ਜੀ!